ਰਾਜਪੁਰਾ, ਮੀਡੀਆ ਬਿਊਰੋ:
ਰੂਸ ਯੂਕਰੇਨ ਜੰਗ ਕਰਕੇ ਪੂਰੀ ਦੁਨੀਆ ਇਸ ਸਮੇਂ ਚਿੰਤਾ ਵਿੱਚ ਹੈ। ਭਾਰਤ ਦੇ ਕਈ ਵਿਦਿਆਰਥੀ ਜੋ ਡਾਕਟਰ ਇੰਜਨੀਅਰ ਬਣਨ ਲਈ ਯੂਕਰੇਨ ਪੜ੍ਹਾਈ ਲਈ ਗਏ ਸੀ। ਉਨ੍ਹਾਂ ਦਾ ਪੜ੍ਹਾਈ ਦਾ ਸੁਪਨਾ ਜੰਗ ਕਰਕੇ ਪੂਰਾ ਨਹੀਂ ਹੋ ਸਕਿਆ। ਹੁਣ ਤੱਕ 17000 ਵਿਦਿਆਰਥੀ ਯੂਕਰੇਨ ਤੋਂ ਭਾਰਤ ਵਾਪਸ ਪਰਤ ਚੁੱਕੇ ਹਨ।
ਉਨ੍ਹਾਂ ਵਿੱਚੋਂ ਰਾਜਪੁਰਾ ਦੀ ਨਵਨੀਤ ਕੌਰ ਦਾ ਨਾਂ ਵੀ ਸ਼ਾਮਲ ਹੈ।
ਦੱਸ ਦਈਏ ਕਿ ਨਵਨੀਤ 2017 ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ। ਉਸ ਦਾ ਸਪੁਨਾ ਸੀ ਪੜ੍ਹਾਈ ਕਰਕੇ ਡਾਕਟਰ ਬਣਨ ਦਾ ਪਰ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ। 24 ਫ਼ਰਵਰੀ ਤੋਂ ਬਾਅਦ ਯੂਕਰੇਨ `ਚ ਰਹਿਣ ਵਾਲੇ ਹਰ ਨਾਗਰਿਕ ਦੀ ਜ਼ਿੰਦਗੀ ਪੂਰੀ ਤਰ੍ਹਾਂ ਉੱਥਲ ਪੁੱਥਲ ਹੋ ਗਈ।
ਜਦੋਂ ਨਵਨੀਤ ਤਮਾਮ ਮੁਸ਼ਕਲਾਂ ਨੂੰ ਪਾਰ ਕਰਕੇ ਆਪਣੇ ਵਤਨ ਤੇ ਆਪਣੇ ਘਰ ਰਾਜਪੁਰਾ ਪਹੁੰਚੀ, ਤਾਂ ਪੂਰੇ ਜ਼ੋਰ ਸ਼ੋਰ ਨਾਲ ਉਸ ਦਾ ਸਵਾਗਤ ਕੀਤਾ ਗਿਆ। ਮਾਪਿਆਂ ਨੂੰ ਮਿਲਕੇ ਨਵਨੀਤ ਕਾਫ਼ੀ ਖ਼ੁਸ਼ ਨਜ਼ਰ ਆਈ। ਇਸ ਦੌਰਾਨ ਨਿਊਜ਼18 ਨਾਲ ਗੱਲਬਾਤ ਕਰਦਿਆਂ ਉਸ ਨੇ ਆਪਣੀ ਹੱਡਬੀਤੀ ਬਿਆਨ ਕੀਤੀ। ਉਸ ਨੇ ਦੱਸਿਆ ਕਿ ਯੂਕਰੇਨ `ਚ ਫ਼ਸੇ ਹਰ ਵਿਦਿਆਰਥੀ ਦੇ ਚਿਹਰੇ `ਤੇ ਖ਼ੌਫ਼ ਸਾਫ਼ ਨਜ਼ਰ ਆਉਂਦਾ ਸੀ। ਹਰ ਕੋਈ ਬਸ ਇਹੋ ਦੁਆ ਮੰਗ ਰਿਹਾ ਸੀ ਕਿ ਉਹ ਸਹੀ ਸਲਾਮਤ ਆਪਣੇ ਮੁਲਕ ਪਰਤ ਜਾਵੇ। ਉਸ ਨੇ ਕਿਹਾ ਕਿ ਮੈਂ ਖ਼ੁਸ਼ਨਸੀਬ ਹਾਂ ਕਿ ਮੈਂ ਸਹੀ ਸਲਾਮਤ ਆਪਣੇ ਘਰ ਪਰਤ ਆਈ।
ਇਸ ਦੌਰਾਨ ਨਵਨੀਤ ਦੇ ਮਾਪਿਆਂ ਨੇ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਦੇ ਧੰਨਵਾਦੀ ਹਨ ੋਕਿ ਉਨ੍ਹਾਂ ਦੀ ਬੇਟੀ ਬਿਨਾਂ ਕੋਈ ਪੈਸਾ ਖ਼ਰਚ ਕੀਤੇ ਸਹੀ ਸਲਾਮਤ ਆਪਣੇ ਘਰ ਪਰਤ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਕਿ ਯੂਕਰੇਨ `ਚ ਫ਼ਸੇ ਬਾਕੀ ਭਾਰਤੀ ਵਿਦਿਆਰਥੀਆਂ ਨੂੰ ਵੀ ਸਹੀ ਸਲਾਮਤ ਕੱਢਿਆ ਜਾਵੇ।
ਨਵਨੀਤ ਨੇ ਗੱਲਬਾਤ ਦੌਰਾਨ ਦਸਿਆ ਕਿ ਉਸ ਦੀ ਐਮਬੀਬੀਐਸ ਦੀ ਡਿਗਰੀ ਪੂਰੀ ਹੋਣ ਵਿੱਚ ਮਹਿਜ਼ 3 ਮਹੀਨੇ ਬਾਕੀ ਸਨ, ਪਰ ਇਸ ਤੋਂ ਪਹਿਲਾਂ ਹੀ ਲੜਾਈ ਸ਼ੁਰੂ ਹੋ ਗਈ। ਜਿਸ ਦੇ ਚਲਦਿਆਂ ਉਸ ਨੂੰ ਦੇਸ਼ ਛੱਡਣਾ ਪਿਆ।