ਫਲੋਰਿਡਾ 29 ਜੂਨ (ਹੁਸਨ ਲੜੋਆ ਬੰਗਾ)– ਫਲੋਰਿਡਾ ਦੇ ਮਿਆਮੀ ਨੇੜੇ ਇੱਕ 12 ਮੰਜਿਲਾ ਰਿਹਾਇਸ਼ੀ ਇਮਾਰਤ ਦੇ ਇੱਕ ਹਿੱਸੇ ਦੇ ਢਹਿ ਜਾਣ ਕਾਰਨ ਲਾਪਤਾ ਹੋਏ 150 ਲੋਕਾਂ ਵਿਚ ਇਕ ਭਾਰਤੀ ਮੂਲ ਦਾ ਅਮਰੀਕੀ ਪਰਿਵਾਰ ਵੀ ਸ਼ਾਮਿਲ ਹੈ। ਫਲੋਰਿਡਾ ਦੇ ਸਰਫਸਾਈਡ ਵਿੱਚ ਢਹੀ ਇਸ ਇਮਾਰਤ ਦੇ ਮਲਬੇ ਹੇਠ ਦੱਬੇ ਲੋਕਾਂ ਵਿਚ ਭਾਰਤੀ ਮੂਲ ਦਾ ਅਮਰੀਕੀ ਪਰਿਵਾਰ ਵਿਸ਼ਾਲ ਪਟੇਲ, ਉਸ ਦੀ ਪਤਨੀ ਭਾਵਨਾ ਤੇ ਇਕ ਸਾਲ ਦੀ ਬੱਚੀ ਸ਼ਾਮਿਲ ਹੈ। ਭਾਵਨਾ ਪਟੇਲ 4 ਮਹੀਨੇ ਤੋਂ ਗਰਭਵਤੀ ਹੈ। ਵਿਸ਼ਾਲ ਪਟੇਲ ਦੀ ਦੱਖਣੀ ਕੈਲੀਫੋਰਨੀਆ ਵਿਚ ਰਹਿੰਦੀ ਭਤੀਜੀ ਸਾਰੀਨਾ ਪਟੇਲ ਨੇ ਦਸਿਆ ਕਿ ਪਿਤਾ ਦਿਵਸ ਮੌਕੇ ਉਸ ਨੇ ਚਾਚੇ ਨਾਲ ਗੱਲ ਕੀਤੀ ਸੀ।
ਉਨਾਂ ਨੂੰ ਕਿਹਾ ਸੀ ਕਿ ਤੁਹਾਡੇ ਕੋਲ ਆਉਣ ਲਈ ਉਸ ਨੇ ਟਿਕਟ ਲੈ ਲਈ ਹੈ। ਪਰੰਤੂ ਇਸ ਉਪਰੰਤ ਇਮਾਰਤ ਢਹਿਣ ਦੀ ਖਬਰ ਮਿਲੀ। ਅਸੀਂ ਵਾਰ-ਵਾਰ ਵਿਸ਼ਾਲ ਪਟੇਲ ਤੇ ਭਾਵਨਾ ਚਾਚੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸਭ ਕੁਝ ਬੇਕਾਰ ਸਾਬਤ ਹੋਇਆ। ਉਸ ਨੇ ਕਿਹਾ ਕਿ ਅਸੀਂ ਅਜੇ ਵੀ ਆਸ ਨਹੀਂ ਛੱਡੀ। ਉਸ ਨੇ ਦੱਸਿਆ ਕਿ ਚਾਚਾ ਤੇ ਚਾਚੀ ਦੋ ਸਾਲ ਪਹਿਲਾਂ ਹੀ ਇਸ ਇਮਾਰਤ ਵਿਚ ਆਏ ਸਨ।