ਅੰਮ੍ਰਿਤਸਰ : ਰਾਜਾ ਵੜਿੰਗ ਨੇ ਬਾਦਲਾਂ ਦੀਆਂ ਬੱਸਾਂ ਦੇ ਮੁੱਦੇ ‘ਤੇ ਘੇਰਿਆ ਕੇਜਰੀਵਾਲ, ਕੀਤੇ ਇਹ ਸਵਾਲ

ਅੰਮ੍ਰਿਤਸਰ (ਮੀਡੀਆ ਬਿਊਰੋ) – ਗਿੱਦੜਬਾਹਾ ਦੇ ਵਿਧਾਇਕ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਅੰਮ੍ਰਿਤਸਰ ਦੇ ਇਕ ਹੋਟਲ ਪਹੁੰਚੇ। ਕੇਜਰੀਵਾਲ ਜਦੋਂ ਆਪਣੇ ਸਥਾਨਕ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਨਿਕਲੇ ਤਾਂ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਘੇਰਦੇ ਹੋਏ ਸਵਾਲ ਕੀਤਾ ਕਿ ਉਹ ਇੰਡੋ ਕੈਨੇਡੀਅਨ ਬੱਸਾਂ ਨੂੰ ਦਿੱਲੀ ਚੱਲਣ ਦੀ ਇਜਾਜ਼ਤ ਦੇਣ ਅਤੇ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ।

ਰਾਜਾ ਵੜਿੰਗ ਨੇ ਕਿਹਾ ਕਿ ਸਟੇਟ ਟਰਾਂਸਪੋਰਟ ਅੰਡਰਟੇਕਿੰਗ (ਐੱਸ.ਟੀ.ਯੂ.) ਦੀਆਂ ਵਾਲਵੋ ਬੱਸਾਂ ਨੂੰ ਤਾਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਤੋਂ ਰੋਕਿਆ ਹੋਇਆ ਹੈ। ਅਸੀਂ ਕੇਵਲ 1200 ਰੁਪਏ ਕਿਰਾਇਆ ਲੈਂਦੇ ਹਾਂ ਪਰ ਪ੍ਰਾਈਵੇਟ ਬੱਸ ਆਪ੍ਰੇਟਰ ਜਿੰਨਾ ਦਾ ਮੁੱਖੀ ਬਾਦਲ ਪਰਿਵਾਰ ਹੈ, ਨੂੰ ਹਰ ਤਰਾਂ ਦੀ ਇਜਾਜ਼ਤ ਦਿੱਤੀ ਹੋਈ ਹੈ। ਉਹ ਪ੍ਰਤੀ ਸਵਾਰੀ 3000 ਤੋਂ 3500 ਰੁਪਏ ਵਸੂਲ ਕਰਕੇ ਸਾਡੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਤੁਸੀਂ ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫੀਏ ਦਾ ਸਾਥ ਦੇ ਰਹੇ ਹੋ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਸੀ ਕਿ ਤੁਸੀਂ ਪੰਜਾਬ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਦਿੱਲੀ ਮਿਲੋਗੇ ਪਰ ਤੁਹਾਡੇ ਵੱਲੋਂ ਉਥੇ ਸਮਾਂ ਨਾ ਦੇਣ ਕਾਰਨ ਮੈਂ ਰਾਤੋ ਰਾਤ ਤੁਹਾਡੇ ਮਗਰ ਅੰਮ੍ਰਿਤਸਰ ਆ ਗਿਆ। ਰਾਜਾ ਵਡਿੰਗ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਬਣਨ ‘ਤੇ ਮੈਂ 7 ਅਕਤੂਬਰ, 2021 ਨੂੰ ਤਹਾਨੂੰ ਪੱਤਰ ਲਿਖ ਕੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ ਮੀਟਿੰਗ ਕਰਨ ਲਈ ਢੁਕਵੀਂ ਤਾਰੀਖ਼ ਅਤੇ ਸਮਾਂ ਦੇਣ ਦੀ ਅਪੀਲ ਕੀਤੀ ਸੀ। ਮੇਰੇ ਤੋਂ ਪਹਿਲਾਂ ਪਿਛਲੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਤਹਾਨੂੰ ਇਸ ਬਾਬਤ ਪੱਤਰ ਲਿਖੇ ਅਤੇ ਹੁਣ ਤੱਕ 13 ਚਿੱਠੀਆਂ ਮੈਂ ਤਹਾਨੂੰ ਲਿਖ ਚੁੱਕਾ ਹਾਂ ਅਤੇ ਤੁਸੀਂ ਅਜੇ ਤੱਕ ਇਸ ਮੁੱਦੇ ਉਤੇ ਆਪਣੇ ਆਪ ਨੂੰ ਅਣਜਾਣ ਦੱਸ ਰਹੇ ਹੋ।

ਉਨ੍ਹਾਂ ਦੱਸਿਆ ਕਿ ਇਸ ਪੱਤਰ-ਵਿਹਾਰ ਤੋਂ ਪਹਿਲਾਂ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ ਨੇ 6 ਦਸੰਬਰ, 2018 ਤੋਂ 21 ਅਗਸਤ, 2019 ਦਰਮਿਆਨ ਆਪਣੇ ਦਿੱਲੀ ਦੇ ਹਮਰੁਤਬਾ ਕੋਲ ਚਾਰ ਵਾਰ ਲਿਖਤੀ ਰੂਪ ਵਿੱਚ ਇਹ ਮੁੱਦਾ ਚੁੱਕਿਆ ਹੈ ਪਰ ਤੁਹਾਡੇ ਵੱਲੋਂ ਨਾ ਤਾਂ ਇਨ੍ਹਾਂ ਬੱਸਾਂ ਨੂੰ ਰੋਕਿਆ ਗਿਆ ਅਤੇ ਨਾ ਹੀ ਪੰਜਾਬ ਰੋਡਵੇਜ਼ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਆਗਿਆ ਦਿੱਤੀ ਗਈ। ਵੜਿੰਗ ਨੇ ਕਿਹਾ ਕਿ ਜੇਕਰ ਤੁਸੀਂ ਪੰਜਾਬ ਰੋਡਵੇਜ਼ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਆਗਿਆ ਨਹੀਂ ਦੇਣੀ ਤਾਂ ਤੁਸੀਂ ਦਿੱਲੀ ਸਰਕਾਰ ਦੀਆਂ ਬੱਸਾਂ ਹਵਾਈ ਅੱਡੇ ਤੋਂ ਪੰਜਾਬ ਲਈ ਚਾਲੂ ਕਰ ਦਿਓ, ਅਸੀਂ ਨਹੀਂ ਰੋਕਾਂਗੇ।

ਉਨ੍ਹਾਂ ਕਿਹਾ ਕਿ ਮੈਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਕੋਲ ਲਿਖਤੀ ਤੌਰ ‘ਤੇ ਇਹ ਮੁੱਦਾ ਚੁੱਕ ਕੇ ਦਿੱਲੀ ਏਅਰਪੋਰਟ ਪਾਰਕਿੰਗ ਸੇਵਾਵਾਂ ਨੂੰ ਪੰਜਾਬ ਸਟੇਟ ਅੰਡਰਟੇਕਿੰਗ ਦੀਆਂ ਬੱਸਾਂ ਨੂੰ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਉਤਾਰਨ ਦੀ ਇਜਾਜ਼ਤ ਦੇਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਸੀ ਪਰ ਉਥੋਂ ਕੋਈ ਜਵਾਬ ਨਹੀਂ ਆਇਆ। ਵੜਿੰਗ ਨੇ ਕਿਹਾ ਕਿ ਇੰਡੋ ਕੈਨੇਡੀਅਨ ਟੈਕਸੀ ਵਾਂਗ ਕੇਵਲ ਇਕ ਅੱਡੇ ਤੋਂ ਸਵਾਰੀਆਂ ਲੈ ਕੇ ਦਿੱਲੀ ਜਾ ਸਕਦੀ ਹੈ, ਅਜਿਹੀ ਉਨ੍ਹਾਂ ਨੂੰ ਪਰਮਿਟ ਆਗਿਆ ਦਿੰਦਾ ਹੈ ਪਰ ਉਹ ਹਰੇਕ ਸ਼ਹਿਰ ਵਿਚੋਂ ਸਵਾਰੀਆਂ ਨਾ ਚੁੱਕ ਸਕਦੇ ਹਨ ਅਤੇ ਨਾ ਉਤਾਰ।

ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਲਈ ਆਰਬਿਟ ਨੂੰ 7 ਦਿਨ ਦਾ ਨੋਟਿਸ ਦਿੱਤਾ ਗਿਆ ਹੈ। ਜੇਕਰ ਉਹ ਅਜਿਹਾ ਕਰਨੋਂ ਨਾ ਹਟੇ ਤਾਂ ਇੰਡੋ ਕਨੇਡੀਅਨ ਦੇ ਅਜਿਹੇ ਸਾਰੇ ਪਰਮਿਟ ਰੱਦ ਕਰ ਦਿੱਤੇ ਜਾਣਗੇ। ਕੇਜਰੀਵਾਲ ਨੇ ਸਾਰੀ ਗਲਬਾਤ ਸੁਣ ਕੇ ਵੜਿੰਗ ਨੂੰ ਅਗਲੇ ਹਫ਼ਤੇ ਤੱਕ ਸਮਾਂ ਦੇਣ ਦੀ ਹਾਮੀ ਭਰੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਚੈਕਿੰਗ ਕਰਦੇ ਹੋਏ ਬਾਦਲ ਪਰਿਵਾਰ ਦੀਆਂ 130 ਬੱਸਾਂ ਦਿੱਲੀ ਆਉਣ ਤੋਂ ਰੋਕ ਦਿੱਤੀਆਂ ਹਨ।

Share This :

Leave a Reply