ਅੰਮ੍ਰਿਤਸਰ ਦਾ ਪਾਣੀ ਦਿੰਦੈ ਕੁਲਚੇ ਨੂੰ ਜ਼ਾਇਕਾ
ਅੰਮ੍ਰਿਤਸਰ, ਮੀਡੀਆ ਬਿਊਰੋ:
ਖਾਣ-ਪੀਣ ਦੀਆਂ ਵਸਤਾਂ ’ਚ ਅੰਮ੍ਰਿਤਸਰੀ ਕੁਲਚਾ ਦੇਸ਼ ਤੇ ਦੇਸ਼ ਤੋਂ ਬਾਹਰ ਪ੍ਰਸਿੱਧ ਹੈ। ਪਕਵਾਨ ਤਿਆਰ ਕਰਨ ਵਾਲੇ ਮਾਹਿਰਾਂ ਨੇ ਅੰਮ੍ਰਿਤਸਰੀ ਕੁਲਚਾ ਬਣਾਉਣ ਦੀ ਸਿਖਲਾਈ ਲੈ ਕੇ ਅੰਮ੍ਰਿਤਸਰ ਤੋਂ ਬਾਹਰ ਵੀ ਇਸ ਨੂੰ ਤਿਆਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਵਾਦ ਤੇ ਸ਼ਕਲ ਵਿਚ ਅਜਿਹਾ ਕੁਲਚਾ ਬਣਾਉਣ ’ਚ ਕਾਮਯਾਬੀ ਪ੍ਰਾਪਤ ਨਹੀੰ ਹੋਈ। ਮਾਹਿਰਾਂ ਮੁਤਾਬਕ ਅੰਮ੍ਰਿਤਸਰ ਦੇ ਪਾਣੀ ’ਚ ਹੀ ਕੋਈ ਗੁਣ ਹੈ ਜੋ ਇਸ ਨੂੰ ਵੱਖਰਾ ਜ਼ਾਇਕਾ ਦਿੰਦਾ ਹੈ।
ਕੁਲਚਾ ਤਿਆਰ ਕਰਨ ਦੀ ਵਿਧੀ
ਪੁਤਲੀਘਰ ਇਲਾਕੇ ’ਚ ਪਿਛਲੇ 45 ਸਾਲ ਤੋਂ ਕੁਲਚੇ ਬਣਾਉਣ ਦਾ ਕੰਮ ਕਰ ਰਹੇ ਕੁਸ਼ਲ ਸਿੰਘ ਮੁਤਾਬਕ ਇਹ ਬਹੁਤ ਮਿਹਨਤ ਦਾ ਕੰਮ ਹੈ। ਕੁਲਚੇ ਬਣਾਉਣ ਦੀ ਤਿਆਰੀ ਇਕ ਰਾਤ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਕੁਝ ਮਾਤਰਾ ’ਚ ਮੈਦੇ ਨੂੰ ਪਾਣੀ ’ਚ ਘੋਲ ਕੇ ਖ਼ਮੀਰ ਕਰਨ ਲਈ ਰੱਖਣਾ ਹੁੰਦਾ ਹੈ। ਸਵੇਰੇ ਭਿਓਂ ਕੇ ਰੱਖੀ ਛੋਲਿਆਂ ਦੀ ਦਾਲ ਦਾ ਗਡ਼ਵੀ ਪਾਣੀ ਤੇ ਹਰੀ ਸੌਂਫ ’ਚ ਉਬਾਲ ਕੇ ਰੱਖਿਆ ਗਡ਼ਵੀ ਪਾਣੀ ਮੈਦੇ ’ਚ ਪਾ ਕੇ ਇਸ ਨੂੰ ਖ਼ਮੀਰ ਕਰਨ ਲਈ ਰੱਖ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨ ਸਵੇਰੇ ਤਡ਼ਕੇ ਖ਼ਮੀਰ ਕੀਤੇ ਮੈਦੇ ’ਚ ਹੋਰ ਮੈਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗੁੰਨਿਆ ਜਾਂਦਾ ਹੈ। ਫਿਰ ਮੈਦੇ ਦੇ ਪੇਡ਼ੇ ਕਰ ਕੇ ਇਸ ਦੀ ਥਪਾਈ ਕੀਤੀ ਜਾਂਦੀ ਹੈ। ਥਪਾਈ ਕੀਤੇ ਮੈਦੇ ਨੂੰ ਟਰੇਆਂ ’ਚ ਰੱਖ ਕੇ ਭੱਠੀ ’ਚ ਸੇਕ ਲਗਵਾ ਕੇ ਬਾਹਰ ਕੱਢਣ ’ਤੇ ਕੁਲਚਾ ਤਿਆਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭੱਠੀ ’ਚ ਸਿਰਫ਼ ਟਾਹਲੀ ਦੀ ਲੱਕਡ਼ ਵਰਤੀ ਜਾਂਦੀ ਹੈ। ਕੁਲਚਾ ਤਿਆਰ ਕਰਨ ਦਾ ਕੰਮ ਦੁਪਹਿਰ 12-1 ਵਜੇ ਤਕ ਕੀਤਾ ਜਾਂਦਾ ਹੈ।
ਖ਼ਮੀਰ ਦਾ ਗੁਣ ਹੈ ਅੰਮ੍ਰਿਤਸਰ ਦੇ ਪਾਣੀ ਦੀ ਖ਼ਾਸੀਅਤ
ਕੁਸ਼ਲ ਸਿੰਘ ਦਾ ਹੱਥ ਵਟਾ ਰਹੇ ਪੁੱਤਰ ਅਰੁਣ ਰਾਣਾ ਨੇ ਦੱਸਿਆ ਕਿ ਉਹ ਸਰਦੀਆਂ ’ਚ 80-90 ਦਰਜਨ ਤੇ ਗਰਮੀਆਂ ’ਚ 180 ਦਰਜਨ ਕੁਲਚੇ ਤਿਆਰ ਕਰਦੇ ਹਨ। ਸਰਦੀਆਂ ’ਚ ਸਬਜ਼ੀਆਂ ਦੀ ਪੈਦਾਵਾਰ ਜ਼ਿਆਦਾ ਹੋਣ ਕਰ ਕੇ ਕੁਲਚੇ ਦੀ ਮੰਗ ਕੁਝ ਘੱਟ ਜਾਂਦੀ ਹੈ। ਦੇਸ਼-ਵਿਦੇਸ਼ ਦੇ ਕਈ ਲੋਕਾਂ ਇਹ ਕੰਮ ਸਿੱਖ ਕੇ ਅੰਮ੍ਰਿਤਸਰ ਤੋਂ ਬਾਹਰ ਕੁਲਚੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਪਰ ਉਹ ਅੰਮ੍ਰਿਤਸਰੀ ਕੁਲਚੇ ਵਰਗਾ ਸਵਾਦ ਦੇਣ ’ਚ ਅਸਫਲ ਰਹੇ।
ਬਹੁਤ ਮਿਹਨਤ ਦਾ ਕੰਮ ਹੈ ਕੁਲਚੇ ਬਣਾਉਣਾ
ਅਰੁਣ ਨੇ ਦੱਸਿਆ ਕਿ ਇਹ ਇਕੱਲੇ ਬੰਦਾ ਦਾ ਕੰਮ ਨਹੀੰਂ ਤੇ ਇਸ ਲਈ 5-6 ਵਿਅਕਤੀ ਹੋਣੇ ਚਾਹੀਦੇ ਹਨ। ਕੁਲਚੇ ਥੱਪਣ ਲਈ ਦੋ ਵਿਅਕਤੀ, ਭੱਠੀ ਅੱਗੇ ਬਹਿਣ ਲਈ ਇਕ ਜਣਾ, ਇਕੱਠੇ ਕਰਨ ਲਈ ਇਕ ਤੇ ਇਕ ਜਣਾ ਸਪਲਾਈ ਲਈ ਜ਼ਰੂਰੀ ਹੈ। ਇਸ ਕੰਮ ’ਚ ਮਿਹਨਤ ਜ਼ਿਆਦਾ ਹੋਣ ਕਰ ਕੇ ਨਵੀੰ ਪੀਡ਼੍ਹੀ ਅਜਿਹੇ ਕੰਮ ਤੋਂ ਦੂਰ ਹੁੰਦੀ ਜਾ ਰਹੀ ਹੈ। 20 ਕੁ ਸਾਲ ਪਹਿਲਾਂ ਅੰਮ੍ਰਿਤਸਰ ਸ਼ਹਿਰ ’ਚ 70 ਦੇ ਕਰੀਬ ਭੱਠੀਆਂ ਹਨ ਜੋ ਹੁਣ 40-45 ਦੇ ਕਰੀਬ ਰਹਿ ਗਈ ਹੈ। ਮੌਜੂਦਾ ਦੌਰ ’ਚ ਲੱਕਡ਼ ਤੇ ਹੋਰ ਸਾਮਾਨ ਮਹਿੰਗੇ ਹੋ ਗਏ ਹਨ, ਜਦੋਂ ਕਿ ਸੌਦੇ ਦਾ ਰੇਟ ਲੰਬੇ ਸਮੇਂ ਤੋਂ ਉਥੇ ਦਾ ਉਥੇ ਹੀ ਖਡ਼੍ਹਾ ਹੈ।
ਛੋਲਿਆਂ, ਪਕੌਡ਼ਿਆਂ ਤੇ ਨਿਊਟਰੀ ਨਾਲ ਖਾਧੇ ਜਾਂਦੇ ਹਨ ਅੰਮ੍ਰਿਤਸਰੀ ਕੁਲਚੇ
ਜ਼ਿਆਦਾਤਰ ਲੋਕ ਅੰਮ੍ਰਿਤਸਰੀ ਕੁਲਚੇ ਖ਼ਾਸ ਵਿਧੀ ਨਾਲ ਤਿਆਰ ਕੀਤੇ ਕਾਬਲੀ ਛੋਲਿਆਂ ਨਾਲ ਖਾਣੇ ਪਸੰਦ ਕਰਦੇ ਹਨ। ਇਹ ਕੁਲਚੇ ਪਕੌਡ਼ਿਆਂ ਨਾਲ ਲੋਕ ਸ਼ੌਕ ਨਾਲ ਖਾਂਦੇ ਹਨ। ਹੁਣ ਅੰਮ੍ਰਿਤਸਰ ਸ਼ਹਿਰ ’ਚ ਨਿਊਟਰੀ-ਕੁਲਚੇ ਦਾ ਰੁਝਾਨ ਦਿਨੋਂ-ਦਿਨ ਵੱਧ ਰਿਹਾ ਹੈ।