ਚੰਡੀਗੜ੍ਹ (ਮੀਡੀਆ ਬਿਊਰੋ)– ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ‘ਚ ਸਖ਼ਤ ਡਿਊਟੀ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਆਪਣੇ ਜਨਮਦਿਨ ਤੇ ਵਿਆਹ ਦੀ ਵਰ੍ਹੇਗੰਢ ‘ਤੇ ਛੁੱਟੀ ਦਿੱਤੀ ਜਾ ਰਹੀ ਹੈ। ਡਿਊਟੀ ਤੋਂ ਦੂਰ ਰਹਿ ਕੇ ਉਹ ਸਾਰਾ ਦਿਨ ਆਪਣੇ ਪਰਿਵਾਰ ਦੇ ਨਾਲ ਗੁਜ਼ਾਰ ਸਕਣਗੇ। ਇਹ ਹੁਕਮ ਨਵੇਂ ਨਿਯੁਕਤ ਪੁਲਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਦਿਨ-ਰਾਤ ਲਗਾਤਾਰ 14 ਤੋਂ 16 ਘੰਟੇ ਇਕ ਵਿਅਕਤੀ ਲਈ ਕੰਮ ਕਰਨਾ ਕਾਫੀ ਮੁਸ਼ਕਲ ਹੈ ਪਰ ਵਰ੍ਹੇਗੰਢ ਤੇ ਜਨਮਦਿਨ ਵਾਲੇ ਦਿਨ ਮੁਲਾਜ਼ਮਾਂ ਨੂੰ ਪਰਿਵਾਰ ਦੇ ਨਾਲ ਸਮਾਂ ਗੁਜ਼ਾਰਨਾ ਜ਼ਰੂਰੀ ਹੈ।
ਇਸ ਲਈ ਉਨ੍ਹਾਂ ਨੂੰ ਵਰ੍ਹੇਗੰਢ ਤੇ ਜਨਮਦਿਨ ‘ਤੇ ਛੁੱਟੀ ਦਿੱਤੀ ਜਾ ਰਹੀ ਹੈ। ਇਸ ਫ਼ੈਸਲੇ ਦਾ ਪੁਲਸ ਫੋਰਸ ਨੇ ਦਿਲੋਂ ਸਵਾਗਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਨਿਯੁਕਤ ਪੁਲਸ ਕਮਿਸ਼ਨਰ ਆਉਣ ਵਾਲੇ ਦਿਨਾਂ ‘ਚ ਪੁਲਸ ਮੁਲਾਜ਼ਮਾਂ ਦੇ ਹੱਕ ‘ਚ ਕੁਝ ਹੋਰ ਹੁਕਮ ਵੀ ਜਾਰੀ ਕਰਨ ਵਾਲੇ ਹਨ।