ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਵਸਦੇ ਪੰਜਾਬੀਆਂ ਵਿੱਚ ਕੋਈ ਟਾਵਾਂ ਹੀ ਹੋਵੇਗਾ ਜੋ ਅਮਰਾਓ ਅਟਵਾਲ ਵਰਗੇ ਜ਼ਿੰਦਾਦਿਲ, ਦੋਸਤੀ ਦੀ ਲੱਜ ਪਾਲਣ ਵਾਲੇ ਇਨਸਾਨ ਦੇ ਨਾਂ ਤੋਂ ਵਾਕਿਫ਼ ਨਾ ਹੋਵੇ। ਅੱਜ ਦਾ ਦਿਨ ਅਮਰਾਓ ਅਟਵਾਲ ਨੂੰ ਹੈ ਤੋਂ ਸੀ ਕਰ ਗਿਆ। ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਅਮਰਾਓ ਅਟਵਾਲ ਅੱਜ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਚਲਾਣੇ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫਗਵਾੜਾ ਨੇੜਲੇ ਪਿੰਡ ਫਰਾਲਾ ਦਾ ਜੰਮਪਲ ਅਮਰਾਓ ਸਿੰਘ ਅਟਵਾਲ ਚੜ੍ਹਦੀ ਜਵਾਨੀ ਬਰਤਾਨੀਆ ਦੀ ਧਰਤੀ ਦਾ ਬਾਸ਼ਿੰਦਾ ਬਣ ਗਏ ਸਨ। ਅਣਥੱਕ ਮਿਹਨਤ ਕਰਦਿਆਂ ਉਨ੍ਹਾਂ ਦੁਨਿਆਵੀ ਸੁੱਖ ਸਹੂਲਤਾਂ ਹੀ ਨਹੀਂ ਜੋੜੀਆਂ ਬਲਕਿ ਸਿਆਸੀ, ਸਾਹਿਤਕ, ਸੱਭਿਆਚਾਰਕ, ਫਿਲਮ ਜਗਤ ਆਦਿ ਖੇਤਰਾਂ ਨਾਲ ਸਬੰਧਤ ਆਪਣਾ ਵਿਸ਼ਾਲ ਦਾਇਰਾ ਕਾਇਮ ਕੀਤਾ। ਹੰਸਲੋ ਦੇ ਕਿੰਗਜ਼ਵੇ ਬੈਂਕਿਇੰਟਿੰਗ ਵਿਖੇ ਜੁਡ਼ਦੀਆਂ ਮਹਿਫ਼ਲਾਂ ਇਸ ਗੱਲ ਦਾ ਪੁਖ਼ਤਾ ਸਬੂਤ ਸਨ ਕਿ ਅਮਰਾਓ ਅਟਵਾਲ ਬਰਤਾਨੀਆ ਵਿੱਚ ਦੋਸਤੀ ਦਾ ਰਾਜਦੂਤ ਸੀ।
ਕਲਾਕਾਰਾਂ, ਸਾਹਿਤਕਾਰਾਂ, ਲੇਖਕਾਂ ਨੂੰ ਹੱਲਾਸ਼ੇਰੀ ਦੇਣਾ ਉਸ ਦਾ ਪਰਮ ਧਰਮ ਸੀ। ਅੱਜ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਹਰ ਖੇਤਰ ਨਾਲ ਜੁੜੇ ਸ਼ਖ਼ਸ ਦੀਆਂ ਅੱਖਾਂ ‘ਚ ਹੰਝੂ ਹਨ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉੱਘੇ ਸਾਹਿਤਕਾਰ ਡਾਕਟਰ ਤਾਰਾ ਸਿੰਘ ਆਲਮ ਨੇ ਕਿਹਾ ਕਿ ਅਮਰਾਓ ਅਟਵਾਲ ਆਪਣੇ ਜੀਵਨ ਵਿੱਚ ਪਿਆਰ ਦੇ ਬੀਜ ਬੀਜਣ ਵਿੱਚ ਰੁੱਝਿਆ ਰਿਹਾ। ਬੇਸ਼ਕ ਅੱਜ ਅੱਜ ਉਹ ਜਿਸਮਾਨੀ ਤੌਰ ‘ਤੇ ਅਲਵਿਦਾ ਆਖ ਗਏ ਹਨ ਪਰ ਰੰਗ ਰੰਗੀਲੀ ਸ਼ਖ਼ਸੀਅਤ ਦਾ ਮਾਲਕ ਅਮਰਾਓ ਅਟਵਾਲ ਚਿਰਾਂ ਤੱਕ ਲੋਕ ਮਨਾਂ ‘ਚ ਵਸਿਆ ਰਹੇਗਾ।