ਜੇਐੱਨਐੱਨ, ਖੰਨਾ (ਲੁਧਿਆਣਾ) : ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਸਰਕਾਰ ਦੇ 11 ਵਿਭਾਗਾਂ ਦੇ ਠੇਕਾ ਮੁਲਾਜ਼ਮ ਖੰਨਾ ‘ਚ ਐਤਵਾਰ ਨੂੰ ਨੈਸ਼ਨਲ ਹਾਈਵੇ ‘ਤੇ ਬੈਠ ਗਏ ਹਨ। ਇਨ੍ਹਾਂ ਮੁਲਾਜ਼ਮਾਂ ਨੇ ਅੰਮ੍ਰਿਤਸਰ-ਦਿੱਲੀ ਹਾਈਵੇ ਜਾਮ ਕਰ ਦਿੱਤਾ ਹੈ। ਇਸ ਨਾਲ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ, ਉੱਥੇ ਹੀ ਠੇਕਾ ਮੁਲਾਜ਼ਮਾਂ ਦੇ ਜਾਮ ‘ਚ ਫਸੀ ਐਂਬੂਲੈਂਸ ‘ਚ ਇਕ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਪਿੰਡ ਮੋਹਨਪੁਰ ਦਾ ਰਹਿਣ ਵਾਲਾ ਪਰਿਵਾਰ ਤਬੀਅਤ ਵਿਗੜਨ ‘ਤੇ ਐਂਬੂਲੈਂਸ ‘ਚੋਂ ਬੱਚੇ ਨੂੰ ਲੈ ਕੇ ਹਸਪਤਾਲ ਜਾ ਰਹੇ ਸਨ। ਵੈਨ ਡਰਾਈਵਰ ਨੇ ਕਿਹਾ ਕਿ ਮਿੰਨਤ ਕਰਨ ‘ਤੇ ਵੀ ਧਰਨਾਕਾਰੀਆਂ ਨੇ ਰਸਤਾ ਨਹੀਂ ਦਿੱਤਾ। ਜਦੋਂ ਤਕ ਨਿਕਲੇ, ਉਦੋਂ ਤਕ ਬੱਚੇ ਦੀ ਮੌਤ ਹੋ ਚੁੱਕੀ ਸੀ।
ਉੱਥੇ ਹੀ ਟ੍ਰੈਫਿਕ ਨੂੰ ਲਿੰਕ ਸੜਕਾਂ ਤੋਂ ਡਾਇਵਰਟ ਕਰ ਕੇ ਕੱਢਿਆ ਜਾ ਰਿਹਾ ਹੈ। ਠੇਕਾ ਮੁਲਾਜ਼ਮਾਂ ਨੇ 16 ਦਸੰਬਰ ਨੂੰ ਇਸੇ ਥਾਂ ’ਤੇ ਹਾਈਵੇਅ ਜਾਮ ਕੀਤਾ ਸੀ ਤੇ ਉਹ ਅਗਲੇ ਦਿਨ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕਰਵਾਉਣ ਤੇ ਮੀਟਿੰਗ ਤੈਅ ਕਰਨ ਮਗਰੋਂ ਉੱਥੋੰ ਹਟੇ ਸਨ। ਪਰ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਮੁਲਾਜ਼ਮ ਮੁੜ ਅੰਦੋਲਨ ਦੇ ਰਾਹ ਪੈ ਗਏ ਹਨ।