ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਲੁਇਸਵਿਲੇੇ, ਕੈਂਟੁਕੀ ਵਾਸੀ ਭਾਰਤੀ-ਅਮਰੀਕੀ ਕੁੜੀ ਨੇ 10 ਸਾਲ ਦੀ ਉਮਰ ਵਿਚ ਉਹ ਕਰ ਵਿਖਾਇਆ ਹੈ ਜੋ ਸ਼ਾਇਦ ਹੀ ਕਿਸੇ ਦੇ ਹਿੱਸੇ ਆਇਆ ਹੋਵੇ। ਉਸ ਨੇ ਆਪਣੀ ਦੂਸਰੀ ਕਾਵਿ ਪੁਸਤਕ ਪ੍ਰਕਾਸ਼ਿਤ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਸ਼੍ਰੇਅੰਸ਼ੀ ਕੁਮਾਰੀ ਜੋ ‘ਏਸ਼ੀਆ ਬੁੱਕ ਆਫ ਰਿਕਾਰਡ’ ਦਾ ਗਰੈਂਡ ਮਾਸਟਰ ਟਾਇਟਲ ਜਿੱਤ ਚੁੱਕੀ ਹੈ, ਨੇ ਆਪਣੀ ਦੂਸਰੀ ਕਾਵਿ ਪੁਸਤਕ ਲੋਇਸਵਿਲੇ ਦੇ ਐਲੀਮੈਂਟਰੀ ਸਕੂਲ ਵਿਚ ਆਪਣੀ ਪੜਾਈ ਦੇ ਆਖਰੀ ਸਾਲ ਦੌਰਾਨ ਲਿਖੀ ਹੈ।
ਇਸ ਸਾਲ ਫਰਵਰੀ ਵਿਚ ਕੁਮਾਰੀ ਕਾਵਿ ਸੰਸਾਰ ਦੇ ਰੂਬਰੂ ਹੋਈ ਸੀ ਜਦੋਂ ਉਸ ਦੀ ਪਹਿਲੀ ਕਾਵਿ ਪੁਸਤਕ ‘ਪੰਡੇਮਿਕ 2020, ਪੋਇਟਿਕ ਵਿੰਟਰ ਇਵਨਿੰਗਜ਼’ ਰਲੀਜ ਹੋਈ ਸੀ। ਉਸ ਦੀ ਦੂਸਰੀ ਪੁਸਤਕ ‘ਰਾਈਮਿੰਗ ਵਾਈਬਜ, ਰਾਈਡਿੰਗ ਦ ਪੋਇਟਿਕ ਵੇਵਜ਼’ ਛਪਕੇ ਤਿਆਰ ਹੋ ਗਈ ਹੈ। ਉਸ ਨੇ ਇਸ ਪੁਸਤਕ ਵਿਚ ਸ਼ਾਮਿਲ ਜਿਆਤਰ ਕਵਿਤਾਵਾਂ ਕੌਮੀ ਕਾਵਿ ਮਹੀਨੇ ਅਪ੍ਰੈਲ ਦੌਰਾਨ ਲਿਖੀਆਂ ਹਨ। ਪੁਸਤਕ ਦੀ ਭੂਮਿਕਾ ਉਸ ਦਾ ਹੌਸਲਾ ਵਧਾਉਣ ਵਾਲੇ ਅਧਿਆਪਕ ਲੌਰੇਨ ਡਿਕੀ ਨੇ ਲਿਖੀ ਹੈ। ਉਸ ਨੇ ਇਕ ਗਲਪ ਪੁਸਤਕ ਉਪਰ ਸਹਿ ਸੰਪਾਦਕ ਵਜੋਂ ਕੰਮ ਵੀ ਕੀਤਾ ਹੈ।