ਖੰਨਾ (ਪਰਮਜੀਤ ਸਿੰਘ ਧੀਮਾਨ) – ਸਥਾਨਕ ਲਲਹੇੜੀ ਚੌਂਕ ਵਿਖੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਕਿਸਾਨ-ਮਜ਼ਦੂਰ ਵਿਰੋਧੀ ਤਿੰਨ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ-2020 ਰੱਦ ਕਰਵਾਉਣ, ਚਾਰ ਲੇਬਰ ਕੋਡ ਅਤੇ ਪੁਰਾਣਾ ਕਿਰਤ ਕਾਨੂੰਨ ਬਹਾਲ ਕਰਵਾਉਣ ਲਈ ਲਾਇਆ ਪੱਕਾ ਮੋਰਚਾ 20ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਬਾਬਾ ਹਰਚੰਦ ਸਿੰਘ ਰਤਨਹੇੜੀ ਅਤੇ ਕਾ. ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਸਭਾ ਵੱਲੋਂ 16 ਅਕਤੂਬਰ ਨੂੰ ਕਿਸਾਨ-ਮਜ਼ਦੂਰ ਵਿਰੋਧੀ ਭੈੜੇ ਸ਼ਾਸ਼ਕ ਮੋਦੀ, ਯੋਗੀ ਤੇ ਖੱਟਰ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੀਮਾ ਸੁਰੱਖਿਆ ਬਲਾਂ ਨੂੰ ਪੰਜਾਬ, ਪੱਛਮੀ ਬੰਗਾਲ ਤੇ ਅਸਾਮ ਦੀਆਂ ਕੌਮਾਂਤਰੀ ਸਰਹੱਦਾਂ ਤੋਂ 50 ਕਿਲੋਮੀਟਰ ਅੰਦਰ ਤੱਕ ਛਾਪੇ ਮਾਰਨ, ਪਰਚੇ ਦਰਜ ਕਰਨ ਤੇ ਗ੍ਰਿਫ਼ਤਾਰੀ ਦੇ ਹੱਕ ਦੇਣਾ ਸੂਬਿਆਂ ਦੇ ਅਧਿਕਾਰਾਂ ’ਤੇ ਸਰਾਸਰ ਡਾਕਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਨ੍ਹਾਂ ਹਾਲਾਤਾਂ ਤੇ ਗੈਰ ਜਮਹੂਰੀ ਢੰਗ ਨਾਲ ਫੈਸਲਾ ਕੀਤਾ ਹੈ, ਉਹ ਸੂਬੇ ਦੇ ਲੋਕਾਂ ਅੰਦਰ ਸਰਕਾਰ ਦੀਆਂ ਮਨਸਾਵਾਂ ’ਤੇ ਸ਼ੱਕ ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੋਦੀ ਸਰਕਾਰ 2014 ਵਿਚ ਜਿੱਤ ਕੇ ਆਈ ਸੀ ਤਾਂ ਇਸ ਨੇ ਸੂਬਿਆਂ ਨੂੰ ਭਰੋਸੇ ਵਿਚ ਲੈ ਕੇ ਚੱਲਣ ਦੀ ਗੱਲ ਕਹੀ ਸੀ, ਪ੍ਰਤੂੰ ਪਿਛਲੇ ਸੱਤ ਸਾਲਾਂ ਵਿਚ ਸਾਰੇ ਜਮਹੂਰੀ ਅਮਲ ਨੂੰ ਛਿੱਕੇ ਟੰਗਦਿਆਂ ਅਨੇਕਾਂ ਤਾਕਤਾਂ ਨੂੰ ਆਪਣੇ ਹੱਥਾਂ ਵਿਚ ਕੇਂਦਰਿਤ ਕਰਨ ’ਤੇ ਹੀ ਅਮਲ ਕੀਤਾ ਹੈ। ਕਿਸਾਨ ਸਭਾ ਨੇ ਕੇਂਦਰ ਸਰਕਾਰ ਵੱੱਲੋਂ ਕੀਤੀ ਇਸ ਸੋਧ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਰਾਜ ਕੁਮਾਰ ਜੈਨੀਵਾਲ, ਹਰਨੇਕ ਸਿੰਘ, ਲਵਪ੍ਰੀਤ ਸਿੰਘ, ਹਵਾ ਸਿੰਘ, ਅਮਰ ਸਿੰਘ, ਦਵਿੰਦਰ ਕੌਰ, ਦਿਲਪ੍ਰੀਤ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਬਾਵਾ, ਸ਼ਾਂਤੀ ਲਾਲ, ਗੁਰਚਰਨ ਸਿੰਘ, ਗੁਰਮੀਤ ਸਿੰਘ, ਸਿਮਰਨ ਸਿੰਘ, ਕੁਲਵਿੰਦਰ ਸਿੰਘ, ਸੰਜੀਵ ਸਿੰਘ, ਅਭਿਸ਼ੇਕ ਰਾਏ, ਨਿਰਮਲ ਸਿੰਘ, ਜਗਦੀਸ਼ ਸਿੰਘ, ਮਾ. ਰਾਜਬੀਰ ਸਿੰਘ, ਲਖਵੀਰ ਸਿੰਘ, ਬਹਾਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।