ਆਲ ਇੰਡੀਆ ਸੰਯੁਕਤ ਕਿਸਾਨ ਸਭਾ ਨੇ ਫੂਕੇ ਮੋਦੀ, ਖੱਟਰ, ਯੋਗੀ ਦੇ ਪੁਤਲੇ

ਖੰਨਾ (ਪਰਮਜੀਤ ਸਿੰਘ ਧੀਮਾਨ)- ਅੱਜ ਸ਼ਾਮ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਅਜੋਕੇ ਯੁੱਗ ਦੇ ਰਾਵਣ ਕਿਸਾਨ-ਮਜਦੂਰ ਆਮ ਜਨਤਾ ਵਿਰੋਧੀ ਮੋਦੀ, ਖੱਟਰ, ਯੋਗੀ ਦੇ ਪੁਤਲੇ ਲਲਹੇੜੀ ਚੌਕ ਖੰਨਾ ਪੁਲ ਥੱਲੇ ਫੂਕੇ ਗਏ। ਇਸ ਮੌਕੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਕੇਂਦਰੀ ਕਮੇਟੀ ਮੈਂਬਰ ਸੰਯੁਕਤ ਕਿਸਾਨ ਸਭਾ ਅਤੇ ਜਥੇਦਾਰ ਹਰਚੰਦ ਸਿੰਘ ਰਤਨਹੇੜੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਕੱਲੀ ਕਿਸਾਨ- ਮਜਦੂਰ ਵਿਰੋਧੀ ਨਹੀਂ ਬਲਕਿ ਦੇਸ਼ ਦੇ ਹਰ ਵਰਗ ਦੀ ਵਿਰੋਧੀ ਸਰਕਾਰ ਹੈ। ਜਿਸ ਦੇ ਰਾਜ ਅੰਦਰ ਕਾਰੋਬਾਰ ਤਬਾਹ ਹੋਏ, ਬੇਰੋਜਗਾਰੀ ਵਧੀ ਹੈ। ਕੇਂਦਰ ਸਰਕਾਰ ਵੱਲੋਂ ਕਿਰਤੀ ਲੋਕਾਂ ਦੇ ਹੱਕਾਂ-ਹਿੱਤਾਂ ’ਤੇ ਨਿੱਤ ਨਵੇਂ ਹਮਲੇ ਕਰਨ ਅਤੇ ਉਨ੍ਹਾਂ ਲੋਕਾਂ ਦੀਆਂ ਲਗਾਤਾਰ ਵੱਧ ਰਹੀਆਂ ਸਮੱਸਿਆਵਾਂ ਪ੍ਰਤੀ ਅਣਗਹਿਲੀ ਤੇ ਕਠੋਰਤਾ ਭਰਪੂਰ ਪਹੰਚ ਅਪਨਾਉਣ ਉੱਪਰ ਡੂੰਘੀ ਚਿੰਤਾ ਦਾ ਪ੍ਰਗਟ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਕਰਦੇ ਕਾਨੂੰਨ ਆਦਿ ਦੀ ਵਿਵਸਥਾ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਮਈ-ਜੂਨ 2020 ਤੋਂ ਆਰੰਭੇ ਗਏ ਅਤੇ ਹੁਣ ਤੱਕ ਦਿੱਲੀ ਦੀਆਂ ਸਰਹੱਦਾਂ ਸਮੇਤ ਸਮੁੱਚੇ ਦੇਸ਼ ਵਿਚ ਫੈਲ ਚੁੱਕੇ ਕਿਸਾਨਾਂ ਦੇ ਪੁਰਅਮਨ ਜਾਨ-ਹੀ ਲਵੇ, ਸੰਘਰਸ਼ ਦਾ ਨਿਪਟਾਰਾ ਕਰਨ ਪ੍ਰਤੀ ਮੋਦੀ ਸਰਕਾਰ ਦੀ ਮੁਜਰਮਾਨਾ ਹੱਠ ਧਰਮੀ ਨੇ ਇਸ ਸਰਕਾਰ ਦੇ ਲੋਕ ਦੋਖੀ ਕਿਰਦਾਰ ਨੂੰ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ। ਇਸ ਲੰਬੇ ਘੋਲ ਦੌਰਾਨ 700 ਦੇ ਕਰੀਬ ਕਿਸਾਨਾਂ ਵੱਲੋਂ ਸ਼ਹੀਦੀਆਂ ਪਾ ਜਾਣ ਦੇ ਬਾਵਜੂਦ ਇਹ ਕਾਰਪੋਰੇਟ ਪੱਖੀ ਸਰਕਾਰ ਕਿਸਾਨਾਂ ਦੀਆਂ ਪੂਰੀ ਤਰ੍ਹਾਂ ਜਾਇਜ਼ ਮੰਗਾਂ ਦਾ ਨਿਬੇੜਾ ਕਰਨ ਦੀ ਥਾਂ ਉਲਟਾ ਖੇਤੀ ਜਿਣਸਾਂ ਦੀ ਵਿਕਰੀ ਸਬੰਧੀ ਨਿੱਤ ਨਵੀਆਂ ਅੜਚਨਾਂ ਖੜ੍ਹੀਆਂ ਕਰਕੇ ਕਿਸਾਨਾਂ ਦੀਆਂ ਮੁਸੀਬਤਾਂ ਵਿਚ ਨਿਰੰਤਰ ਵਾਧਾ ਕਰਦੇ ਜਾਣ ’ਚ ਉਤਾਰੂ ਦਿਖਾਈ ਦਿੰਦੀ ਹੈ ਅਤੇ ਬਦਲਾਖੋਰੀ ਦੀ ਪਹੁੰਚ ਅਪਣਾ ਰਹੀ ਹੈ।

ਇਸ ਸਰਕਾਰ ਵੱਲੋਂ ਸਾਮਰਾਜ ਨਿਰਦੇਸ਼ਿਤ ਨਵ-ਉਦਾਰਵਾਦੀ ਆਰਥਿਕ ਚੌਖਟੇ ਵਿਚ ਤਿੱਖੇ ਰੂਪ ’ਚ ਕੀਤੇ ਜਾ ਰਹੇ ਨੀਤੀਗਤ ਫੈਸਲਿਆਂ ਵਿਸ਼ੇਸ਼ ਤੌਰ ’ਤੇ ਮੰਡੀ ਦੀਆਂ ਸ਼ਕਤੀਆਂ ਨੂੰ ਬੇਰਹਿਮ ਸੰਪੂਰਨ ਖੁੱਲ੍ਹ-ਖੇਡ ਦੀ ਆਗਿਆ ਦੇਣ ਅਤੇ ਨਿੱਜੀਕਰਨ ਦੇ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਅਧੀਨ ਦੇਸ਼ ਦੀਆਂ ਵੱਡਮੁੱਲੀਆਂ ਜਨਤਕ ਜਾਇਦਾਦਾਂ ਤੱਕ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦੇਣ ਨਾਲ, ਜਿੱਥੇ ਇਕ ਪਾਸੇ ਦੇਸ਼ ਅੰਦਰ ਰੋਜ਼ਗਾਰ ਦੇ ਵਸੀਲਿਆਂ ਦਾ ਕਾਲ ਪੈ ਰਿਹਾ ਹੈ, ਉਥੇ ਦੂਜੇ ਪਾਸੇ ਲੋਕਾਂ ਦੀਆਂ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਨਿਰੰਤਰ ਵੱਧਦੀਆਂ ਜਾ ਰਹੀਆਂ ਹਨ। ਪੈਟਰੋਲੀਅਮ ਪਦਾਰਥਾਂ ਜਿਵੇਂ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਆਦਿ ਦੀਆਂ ਕੀਮਤਾਂ ਵਿਚ ਲੱਗਭੱਗ ਰੋਜ਼ਾਨਾ ਹੀ ਵਾਰ-ਵਾਰ ਕੀਤੇ ਜਾ ਰਹੇ ਵਾਧੇ ਨੂੰ ਤਾਂ ਸਾਡੇ ਦੇਸ਼ ਅੰਦਰ ਸਰਕਾਰ ਤੇ ਕਾਰਪੋਰੇਟ ਦੀ ਸਾਂਝੀ ਨਿਰਦਈ ਲੁੱਟ ਦੇ ਇਕ ਅਤੀ ਸ਼ਰਮਨਾਕ ਰੂਪ ਨੂੰ ਉਜਾਗਰ ਕਰ ਦਿੱਤਾ ਹੈ।

ਮੋਦੀ ਸਰਕਾਰ ਦੇ ਇਨ੍ਹਾਂ ਚੌਤਰਫੇ ਹਮਲਿਆਂ ਨੇ ਦੇਸ਼ ਭਰ ਦੇ ਕਿਰਤੀ ਲੋਕਾਂ ਅੰਦਰ ਵਿਆਪਕ ਬੇਚੈਨੀ ਨੂੰ ਜਨਮ ਦਿੱਤਾ ਹੈ ਅਤੇ ਇਸ ਭਿਆਨਕ ਬੇਵਸੀ ਦਾ ਸ਼ਿਕਾਰ ਹੋਏ ਕਈ ਮਜ਼ਦੂਰ, ਕਿਸਾਨ ਤੇ ਛੋਟੇ ਕਾਰੋਬਾਰ ਕਰਨ ਵਾਲੇ ਕਿਰਤੀ ਖੁਦਕਸ਼ੀਆਂ ਕਰਨ ਤੱਕ ਮਜ਼ਬੂਰ ਹੋ ਰਹੇ ਹਨ। ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋ ਖੰਨਾ ਲਲਹੇੜੀ ਚੌਕ ਪੁਲ ਥੱਲੇ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ਕਰਵਾਉਣ ਅਤੇ ਪੁਰਾਣਾ ਕਿਰਤ ਕਾਨੂੰਨ ਬਹਾਲ ਕਰਵਾਉਣ ਲਈ ਲੱਗਿਆ ‘ਪੱਕਾ ਮੋਰਚਾ’ ਅੱਜ 21ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਰਾਜ ਕੁਮਾਰ ਜੈਨੀਵਾਲ ਹਲਕਾ ਇੰਚਾਰਜ ਵਿਧਾਨ ਸਭਾ ਖੰਨਾ, ਬੀਬੀ ਦਵਿੰਦਰ ਕੌਰ ਇਕੋਲਾਹਾ, ਬੀਬੀ ਵਰਿੰਦਰ ਕੌਰ ਬੇਦੀ, ਕਾਮਰੇਡ ਹਵਾ ਸਿੰਘ, ਕਾਮਰੇਡ ਹਰਨੇਕ ਸਿੰਘ, ਨਾਜ਼ਰ ਸਿੰਘ ਢਿੱਲੋਂ, ਲਵਪ੍ਰੀਤ ਸਿੰਘ ਇਕੋਲਾਹਾ, ਪਿ੍ਰੰਸੀਪਲ ਰਣਬੀਰ ਸਿੰਘ, ਗੁਰਚਰਨ ਸਿੰਘ, ਸ਼ਾਂਤੀ ਲਾਲ, ਦਿਲਪ੍ਰੀਤ ਸਿੰਘ ਢਿੱਲੋਂ, ਸੁਰਿੰਦਰ ਬਾਵਾ, ਬਲਬੀਰ ਸਿੰਘ ਸੁਹਾਵੀ, ਵਿਕਰਮਜੀਤ ਸਿੰਘ ਦੇਵਗਨ, ਗੁਰਪਾਲ ਸਿੰਘ ਆਦਿ ਨੇ ਵੀ ਮੋਰਚੇ ’ਤੇ ਹਾਜ਼ਰੀ ਲਵਾਈ।

Share This :

Leave a Reply