ਪੰਜਾਬ ਦੇ ਸਾਰੇ ਇੰਪਰੂਵਮੈਂਟ ਟਰੱਸਟ ਭੰਗ

ਹੁਣ ਡੀਸੀ ਹੋਣਗੇ ਚੇਅਰਮੈਨ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਸਰਕਾਰ (Punjab Govt) ਨੇ ਸਮੂਹ ਨਗਰ ਸੁਧਾਰ ਟਰੱਸਟ (Improvement Trust) ਭੰਗ ਕਰ ਦਿੱਤੇ ਹਨ। ਨਵੇਂ ਹੁਕਮਾਂ ਅਨੁਸਾਰ ਨਗਰ ਸੁਧਾਰ ਟਰੱਸਟ ਦਾ ਚਾਰਜ ਹੁਣ ਡੀਸੀਜ਼ ਨੂੰ ਦੇ ਦਿੱਤਾ ਗਿਆ ਹੈ। ਜਲੰਧਰ ਤੇ ਲੁਧਿਆਣਾ ਦੇ ਡੀਸੀ ਨੂੰ ਹੁਕਮ ਜਾਰੀ ਹੋ ਚੁੱਕੇ ਹਨ। ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਨੇ ਮੰਗਲਵਾਰ ਨੂੰ ਹੀ ਅਸਤੀਫ਼ਾ ਦੇ ਦਿੱਤਾ ਸੀ। ਲੁਧਿਆਣਾ ਇੰਪਰੂਵਮੈਂਟ ਟਰੱਸਟ ਨੂੰ ਭੰਗ ਕਰ ਕੇ ਡੀਸੀ ਵਰਿੰਦਰ ਸ਼ਰਮਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਹੁਕਮ ਜਾਰੀ ਕਰਦੇ ਹੋਏ ਇੰਪਰੂਵਮੈਂਟ ਟਰੱਸਟ ਦੇ 8 ਟਰੱਸਟੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਵਿੱਚ ਕੌਂਸਲਰ ਅਨਿਲ ਪਾਰਥੀ, ਰੀਤ ਕੌਰ, ਗੁਲਸ਼ਨ ਕੌਰ, ਵਿਜੇ ਗਾਬਾ, ਧਰਮਿੰਦਰ ਕੁਮਾਰ ਸ਼ਰਮਾ ਉਰਫ਼ ਜਿਪਸੀ, ਸੀਮਾ ਕਪੂਰ, ਮੱਖਣ ਸਿੰਘ, ਰਣਜੀਤ ਸਿੰਘ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ‘ਚ ਲੱਗੇ ਚੇਅਰਮੈਨਾਂ ਅਤੇ ਡਾਇਰੈਕਟਰਾਂ ਦੀ ਸੂਚੀ ਮੰਗੀ ਹੈ। ਪਾਰਟੀ ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨੂੰ ਇਸ ‘ਤੇ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੁੱਖ ਮੰਤਰੀ ਦਫ਼ਤਰ ਨੇ ਸਾਰੇ ਵਿਭਾਗਾਂ ਨੂੰ ਸੰਦੇਸ਼ ਭੇਜ ਕੇ ਉਨ੍ਹਾਂ ਅਧੀਨ ਕੰਮ ਕਰ ਰਹੇ ਬੋਰਡਾਂ, ਕਾਰਪੋਰੇਸ਼ਨਾਂ ਆਦਿ ਦੇ ਚੇਅਰਮੈਨਾਂ ਅਤੇ ਡਾਇਰੈਕਟਰਾਂ ਦੀ ਸੂਚੀ ਮੰਗ ਲਈ ਹੈ। ਇਹ ਸੂਚੀ ਅੱਜ ਤਕ ਦੇਣ ਲਈ ਕਿਹਾ ਗਿਆ ਹੈ। ਹਾਲਾਂਕਿ ਪਿਛਲੀ ਸਰਕਾਰ ਦੌਰਾਨ ਜਿਨ੍ਹਾਂ ਬੋਰਡਾਂ ਅਤੇ ਕਾਰਪੋਰੇਸ਼ਨਾਂ ‘ਚ ਚੇਅਰਮੈਨ ਆਦਿ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਨੂੰ ਵੀ ਜ਼ੁਬਾਨੀ ਤੌਰ ‘ਤੇ ਅਸਤੀਫ਼ੇ ਦੇਣ ਲਈ ਕਿਹਾ ਗਿਆ ਹੈ। ਸਾਰੇ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਬੋਰਡ ਅਤੇ ਨਿਗਮ ਖਾਲੀ ਕਰਵਾਉਣ ਲਈ ਕਿਹਾ ਗਿਆ ਹੈ।

ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੇ ਜ਼ੁਬਾਨੀ ਤੌਰ ‘ਤੇ ਬੋਰਡ ਅਤੇ ਨਿਗਮ ਦੇ ਚੇਅਰਮੈਨ ਨੂੰ ਅਸਤੀਫਾ ਦੇਣ ਲਈ ਕਿਹਾ ਹੈ। ਹਾਲਾਂਕਿ ਪਤਾ ਲੱਗਾ ਹੈ ਕਿ ਜਿਨ੍ਹਾਂ ਸਹਿਕਾਰੀ ਅਦਾਰਿਆਂ ਵਿੱਚ ਚੁਣੇ ਗਏ ਡਾਇਰੈਕਟਰ ਅਤੇ ਚੇਅਰਮੈਨ ਲੱਗੇ ਹੋਏ ਹਨ, ਉਨ੍ਹਾਂ ਨੂੰ ਹਟਾਉਣ ਵਿੱਚ ਦਿੱਕਤ ਆ ਸਕਦੀ ਹੈ। ਕੁਸ਼ਲਦੀਪ ਢਿੱਲੋਂ ਪਹਿਲਾਂ ਹੀ ਮਾਰਕਫੈੱਡ ਵਰਗੀ ਵੱਡੀ ਸਹਿਕਾਰੀ ਸੰਸਥਾ ਤੋਂ ਅਸਤੀਫਾ ਦੇ ਚੁੱਕੇ ਹਨ, ਜਦਕਿ ਮਿਲਕਫੈੱਡ ‘ਚ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਅਸਤੀਫਾ ਦੇਣ ਦੀ ਚਰਚਾ ਹੈ। ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇੱਕ-ਦੋ ਦਿਨਾਂ ਵਿੱਚ ਸਾਰੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਦੇ ਅਸਤੀਫ਼ਿਆਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

Share This :

Leave a Reply