ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਕਰ ਸਕਦੇ ਹਨ ਮੋਹਾਲੀ ਅਦਾਲਤ ’ਚ ਸਮਰਪਣ

ਡਰੱਗ ਮਾਮਲੇ ‘ਚ ਮਿਲੀ ਹੋਈ ਐ ਜ਼ਮਾਨਤ

ਐੱਸਏਐੱਸ ਨਗਰ, ਮੀਡੀਆ ਬਿਊਰੋ:

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਬੁੱਧਵਾਰ ਨੂੰ ਮੋਹਾਲੀ ਅਦਾਲਤ ਵਿਚ ਜਾ ਕੇ ਆਤਮ ਸਮਰਪਣ ਕਰਨ ਦੀ ਚਰਚਾ ਰਹਿਣ ਕਾਰਨ ਇੱਥੇ ਗਹਿਮਾ ਗਹਿਮੀ ਰਹੀ। ਇਸ ਦੌਰਾਨ ਮਜੀਠੀਆ ਨਹੀਂ ਪੁੱਜੇ।

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹੁਣ ਮਜੀਠੀਆ ਵੀਰਵਾਰ ਨੂੁੰ ਅਦਾਲਤ ਵਿਚ ਆਤਮ ਸਮਰਪਣ ਕਰਨਗੇ। ਉਸ ਤੋਂ ਬਾਅਦ ਉਹ ਰੈਗੂਲਰ ਜ਼ਮਾਨਤ ਲਈ ਦਰਖ਼ਾਸਤ ਦੇ ਸਕਦੇ ਹਨ। ਯਾਦ ਰਹੇ ਮਜੀਠੀਆ ਵਿਰੁੱਧ ਲੰਘੀ 20 ਦਸੰਬਰ ਨੂੰ ਬਿਊਰੋ ਆਫ ਇੰਵੈਸਟੀਗੇਸ਼ਨ ਨੇ ਮੋਹਾਲੀ ਸਟੇਟ ਕ੍ਰਾਈਮ ਪੁਲਿਸ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਸੀ।

ਮਾਮਲਾ ਦਰਜ ਹੋਣ ਪਿੱਛੋਂ ਉਹ ਰੂਪੋਸ਼ ਹੋ ਗਏ ਸਨ। ਉਨ੍ਹਾਂ ਨੇ ਜ਼ਮਾਨਤ ਲਈ ਪਹਿਲਾਂ ਮੋਹਾਲੀ ਦੀ ਅਦਾਲਤ ਵਿਚ ਦਰਖ਼ਾਸਤ ਦਿੱਤੀ ਪਰ ਉਹ ਰੱਦ ਹੋ ਗਈ। ਇਸ ਮਗਰੋਂ ਉਨ੍ਹਾਂ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ। ਹਾਈ ਕੋਰਟ ਨੇ ਲੰਘੀ 24 ਜਨਵਰੀ ਨੂੰ ਮਜੀਠੀਆ ਦੀ ਗਿ੍ਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਸਬੰਧੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਇਸ ਮਗਰੋਂ ਉਹ ਸੁਪਰੀਮ ਕੋਰਟ ਪੁੱਜ ਗਏ ਸਨ, ਉਥੋਂ ਉਨ੍ਹਾਂ ਨੂੰ ਰਾਹਤ ਮਿਲੀ ਸੀ।

ਸੁਪਰੀਮ ਕੋਰਟ ਨੇ ਮਜੀਠੀਆ ਨੂੰ 23 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋ ਕੇ ਆਤਮ-ਸਮਰਪਣ ਕਰ ਕੇ ਰੈਗੂਲਰ ਜ਼ਮਾਨਤ ਲਈ ਬਿਨੈ ਕਰਨ ਵਾਸਤੇ ਆਖਿਆ ਸੀ। ਮਜੀਠੀਆ ਵਿਰੁੱਧ ਇਹ ਮਾਮਲਾ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਜਾਂਚ ਨਾਲ ਸਬੰਧਤ 2018 ਦੀ ਰਿਪੋਰਟ ਦੇ ਅਧਾਰ ’ਤੇ ਐੱਨਡੀਪੀਐੱਸ ਐਕਟ ਤਹਿਤ ਦਰਜ ਮੁਕੱਦਮੇ ਨਾਲ ਸਬੰਧਤ ਹੈ। ਇਸ ਮਾਮਲੇ ਵਿਚ ਸੂਬੇ ਦੀ ਅਪਰਾਧ ਬ੍ਰਾਂਚ ਨੇ ਮੋਹਾਲੀ ਪੁਲਿਸ ਥਾਣੇ ਵਿਚ 49 ਸਫ਼ਿਆਂ ਦੀ ਐੱਫਆਈਆਰ ਦਰਜ ਕੀਤੀ ਸੀ।

ਐੱਸਆਈਟੀ ਨੇ ਬਿਕਰਮ ਮਜੀਠੀਆ ਕੋਲੋਂ ਲੰਘੀ 12 ਜਨਵਰੀ ਦੌਰਾਨ ਦੋ ਘੰਟਿਆਂ ਤੋਂ ਵੱਧ ਸਮੇਂ ਤਕ ਪੁੱਛਗਿੱਛ ਕੀਤੀ ਸੀ। ਐੱਸਆਈਟੀ ਮਜੀਠੀਆ ਵਿਰੁੱਧ ਦਰਜ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਐੱਨਡੀਪੀਐੱਸ ਕਾਨੂੰਨ ਤਹਿਤ ਪੜਤਾਲ ਕਰ ਰਹੀ ਹੈ। ਵਕੀਲ ਦਮਨਵੀਰ ਸਿੰਘ ਨੇ ਕਿਹਾ ਹੈ ਕਿ ਜਾਂਚ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ।

Share This :

Leave a Reply