ਚੰਡੀਗੜ੍ਹ(ਮੀਡੀਆ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਰਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਨਵੇਂ ਬਣੇ ਸਿਆਸੀ ਗੱਠਜੋੜ ਦਾ ਐਲਾਨ ਥੋੜ੍ਹੀ ਦੇਰ ‘ਚ ਹੋ ਜਾਵੇਗਾ। ਚੰਡੀਗੜ੍ਹ ‘ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ‘ਚ ਬਸਪਾ ਤੇ ਅਕਾਲੀ ਦਲ ਦੀ ਸਾਂਝੀ ਪ੍ਰੈੱਸ ਕਾਨਫਰੰਸ ਜਾਰੀ ਹੈ। ਸੁਖਬੀਰ ਬਾਦਲ ਨੇ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਦਾ ਐਲਾਨ ਕਰ ਦਿੱਤਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੀਆਂ ਸਾਰੀਆਂ ਚੋਣਾਂ ਇਕੱਠੇ ਲੜਾਂਗੇ। ਉਨ੍ਹਾਂ ਕਿਹਾ ਕਿ ਇਹ ਦਿਨ ਪੰਜਾਬ ਦੀ ਸਿਆਸਤ ਲਈ ਇਤਿਹਾਸਕ ਹੈ। ਇਸ ਮੌਕੇ ਅਕਾਲੀ ਦਲ ਨੇ ਨਵਾਂ ਨਾਅਰਾ ‘ਸੋਚ ਵਿਕਾਸ ਦੀ, ਨਵੇਂ ਪੰਜਾਬ ਦੀ’ ਵੀ ਦਿੱਤਾ। ਉਨ੍ਹਾਂ ਕਿਹਾ ਕਿ ਗਠਜੋੜ ਲਈ ਸਭ ਤੋਂ ਵੱਡਾ ਯੋਗਦਾਨ ਮਾਇਆਵਤੀ ਨੇ ਪਾਇਆ ਹੈ। ਇਸ ਦੇ ਲਈ ਉਨ੍ਹਾਂ ਮਾਇਆਵਤੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ‘ਚ 20 ਸੀਟਾਂ ‘ਤੇ ਲੜੇਗੀ ਤੇ ਬਾਕੀ ਦੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਕੋਲ ਰਹਿਣਗੀਆਂ। ਬਹੁਜਨ ਸਮਾਜ ਪਾਰਟੀ ਕੋਲ 20 ਵਿਚੋਂ 8 ਸੀਟਾਂ ਦੋਆਬਾ ਦੀਆਂ, 5 ਮਾਝੇ ਤੇ 7 ਮਾਲਵਾ ਜ਼ੋਨ ਦੀਆਂ ਹੋਣਗੀਆਂ। 97 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ। ਬਸਪਾ ਦੇ ਕੌਮੀ ਸਕੱਤਰ ਸਤੀਸ਼ ਮਿਸ਼ਰ ਨੇ ਵੀ ਸੁਖਬੀਰ ਬਾਦਲ ਦੀ ਇਸ ਗੱਲ ‘ਚ ਹਾਮੀ ਭਰੀ ਕਿ ਇਹ ਪੰਜਾਬ ਦੀ ਸਿਆਸਤ ਲਈ ਇਤਿਹਾਸਕ ਦਿਨ ਹੈ। ਬਸਪਾ ਤੇ ਅਕਾਲੀ ਦਲ ਗਠਜੋੜ ਦੇ ਐਲਾਨ ਦੇ ਨਾਲ ਹੀ ਪੰਜਾਬ ‘ਚ ਜਸ਼ਨ ਦਾ ਮਾਹੌਲ ਬਣ ਗਿਆ ਹੈ।
ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Sin gh Badal) ਨੇ ਬਸਪਾ ਮੁਖੀ ਮਾਇਆਵਤੀ (Mayawati) ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਮਾਇਆਵਤੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਗੱਠਜੋੜ ਹੋਣ ‘ਤੇ ਬਹੁਤ ਖ਼ੁਸ਼ੀ ਹੋਈ। ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ।
ਇਹ 20 ਸੀਟਾਂ BSP ਦੀ ਝੋਲੀ ‘ਚ
ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਸਮਝੌਤਾ ਹੋਣ ਤੋਂ ਬਾਅਦ ਬਸਪਾ ਜਿਹੜੀਆਂ 20 ਸੀਟਾਂ ਤੇ ਚੋਣ ਲੜੇਗੀ ਉਨ੍ਹਾਂ ਵਿੱਚ ਕਰਤਾਰਪੁਰ, ਜਲੰਧਰ ਪੱਛਮੀ ,ਜਲੰਧਰ ਉੱਤਰੀ, ਫਗਵਾੜਾ, ਹੁਸ਼ਿਆਰਪੁਰ ਟਾਂਡਾ ,ਦਸੂਹਾ , ਸ੍ਰੀ ਚਮਕੌਰ ਸਾਹਿਬ, ਬਸੀ ਪਠਾਣਾਂ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ,ਪਠਾਨਕੋਟ, ਸੁਜਾਨਪੁਰ, ਭੋਆ ,ਸ੍ਰੀ ਆਨੰਦਪੁਰ ਸਾਹਿਬ, ਮੁਹਾਲੀ, ਅੰਮ੍ਰਿਤਸਰ ਨੌੰਰਥ ਅੰਮ੍ਰਿਤਸਰ ਸੈਂਟਰਲ ਅਤੇ ਪਾਇਲ ਵਿਧਾਨ ਸਭਾ ਹਲਕਾ ਸ਼ਾਮਲ ਹੈ!
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਵੱਲੋਂ ਅਕਾਲੀ ਦਲ ਦੇ ਦਫ਼ਤਰ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ। ਸ਼ੁੱਕਰਵਾਰ ਨੂੰ ਸਾਰਾ ਦਿਨ ਬਸਪਾ ਪ੍ਰਧਾਨ ਮਾਇਆਵਤੀ ਦੇ ਨਜ਼ਦੀਕੀ ਤੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਕਈ ਮੀਟਿੰਗਾਂ ਹੋਈਆਂ ਹਨ। ਸੂਤਰ ਦੱਸਦੇ ਹਨ ਕਿ ਬਸਪਾ ਵਲੋਂ 23 ਤੋਂ 25 ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਅਕਾਲੀ ਦਲ 18 ਸੀਟਾਂ ਦੇਣ ’ਤੇ ਸਹਿਮਤ ਹੈ।
ਚੇਤੇ ਰਹੇ ਕਿ ਪੰਜਾਬੀ ਜਾਗਰਣ ਨੇ 28 ਸਤੰਬਰ 2020 ਦੇ ਅੰਕ ਵਿਚ ਬਸਪਾ ਤੇ ਅਕਾਲੀ ਦਲ ਦਾ ਰਾਜਸੀ ਗਠਜੋੜ ਹੋਣ ਬਾਰੇ ਸਭ ਤੋਂ ਪਹਿਲਾਂ ਖ਼ਬਰ ਨਸ਼ਰ ਕਰ ਦਿੱਤੀ ਸੀ। ਦੋਵਾਂ ਪਾਰਟੀਆਂ ਵਿਚ ਗਠਜੋੜ ਹੋਣ ਨਾਲ ਪੰਜਾਬ ਦੇ ਸਿਆਸੀ ਸਮੀਕਰਣ ਬਦਲ ਸਕਦੇ ਹਨ ਕਿਉਂਕਿ ਜਿੱਥੇ ਅਕਾਲੀ ਦਲ ਦਾ ਕਿਸਾਨ ਵਰਗ ਤੇ ਪੇਂਡੂ ਖਿੱਤੇ ਵਿਚ ਕਾਫ਼ੀ ਪ੍ਰਭਾਵ ਹੈ, ਉੱਥੇ ਬਸਪਾ ਦਾ ਦਲਿਤ ਵਰਗ ਵਿਚ ਵੱਡਾ ਵੋਟ ਬੈਂਕ ਹੈ। ਖ਼ਾਸ ਕਰ ਕੇ ਦੁਆਬੇ ਵਿਚ ਬਸਪਾ ਦਾ ਮਜ਼ਬੂਤ ਆਧਾਰ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਸਪਾ ਨੂੰ 3.52 ਫ਼ੀਸਦੀ ਵੋਟਾਂ ਮਿਲੀਆਂ ਸਨ ਜਦਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਨੂੰ 1.52 ਫ਼ੀਸਦੀ ਵੋਟਾਂ ਮਿਲੀਆਂ ਸਨ।
ਲੋਕ ਸਭਾ ਚੋਣਾਂ ਤੋਂ ਬਾਅਦ ਹੀ ਅਕਾਲੀ ਦਲ ਨੇ ਬਸਪਾ ਨਾਲ ਚੋਣ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ। ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅਕਾਲੀ ਦਲ ਤੇ ਭਾਜਪਾ ਦਾ 25 ਸਾਲ ਪੁਰਾਣਾ ਗਠਜੋੜ ਟੁੱਟ ਗਿਆ ਸੀ, ਇਸ ਤੋਂ ਬਾਅਦ ਬਸਪਾ ਤੇ ਅਕਾਲੀ ਦਲ ਦੇ ਆਗੂਆਂ ਵਿਚਕਾਰ ਗਠਜੋੜ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ ਸਨ।
ਜ਼ਿਕਰਯੋਗ ਹੈ ਕਿ ਬਸਪਾ ਤੇ ਅਕਾਲੀ ਦਲ ਨੇ 1996 ਦੀਆਂ ਲੋਕ ਸਭਾ ਚੋਣਾਂ ਇਕੱਠੇ ਮਿਲ ਕੇ ਲੜੀਆਂ ਸਨ ਤਾਂ ਬਸਪਾ ਤਿੰਨ ਲੋਕ ਸਭਾ ਹਲਕਿਆਂ ਵਿਚ ਜੇਤੂ ਰਹੀ ਸੀ। ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਸਨ ਜਦਕਿ ਫਿਰੋਜਪੁਰ ਤੇ ਫਿਲੌਰ ਤੋਂ ਵੀ ਬਸਪਾ ਦੇ ਉਮੀਦਵਾਰ ਜਿੱਤੇ ਸਨ ਪਰ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਵਾਂ ਪਾਰਟੀਆਂ ਵਿਚ ਸਮਝੌਤਾ ਟੁੱਟ ਗਿਆ ਕਿਉਂਕਿ ਅਕਾਲੀ ਦਲ ਨੇ ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇ ਦਿੱਤਾ ਸੀ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੂੰ ਭਾਜਪਾ ਨਾਲ ਸਮਝੌਤਾ ਨਾ ਕਰਨ ਦਾ ਸੁਝਾਅ ਦਿੰਦਿਆਂ ਬਸਪਾ ਨਾਲ ਹੀ ਗਠਜੋੜ ਰੱਖਣ ਦੀ ਸਲਾਹ ਦਿੱਤੀ ਸੀ ਕਿ ਸਿੱਖਾਂ ਦੀ ਦਲਿਤਾਂ ਨਾਲ ਧਾਰਮਿਕ ਤੇ ਸਮਾਜਿਕ ਸਾਂਝ ਹੈ।
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਤੇ ਪ੍ਰਧਾਨ ਜਸਬੀਰ ਸਿੰਘ ਗਡ਼੍ਹੀ ਨੇ ਕਿਹਾ ਕਿ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚ ਕੇ ਪਾਰਟੀ ਆਗੂਆਂ ਨਾਲ ਪੰਜਾਬ ਦੇ ਰਾਜਨੀਤਕ ਦ੍ਰਿਸ਼ ’ਤੇ ਵਿਚਾਰ-ਚਰਚਾ ਕੀਤੀ। ਬੈਨੀਪਾਲ ਨੇ ਕਿਹਾ ਕਿ ਮਿਸ਼ਰਾ ਨੇ ਬਸਪਾ ਤੇ ਅਕਾਲੀ ਦਲ ਦੇ ਵੱਡੇ ਆਗੂਆਂ ਨਾਲ ਮੀਟਿੰਗ ਕਰ ਕੇ ਸਿਆਸੀ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਗਠਜੋਡ਼ ਦਾ ਫ਼ੈਸਲਾ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਵੱਲੋਂ ਲਿਆ ਜਾਵੇਗਾ।