ਅਕਾਲੀ ਦਲ ਤੇ ਬਸਪਾ ਗਠਜੋੜ ਜਿੱਤੇਗਾ 80 ਸੀਟਾਂ : ਸੁਖਬੀਰ ਬਾਦਲ

ਲੰਬੀ, ਮੀਡੀਆ ਬਿਊਰੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਹੱਕ ’ਚ ਸਪੱਸ਼ਟ ਲਹਿਰ ਹੈ ਤੇ ਉਹ 80 ਸੀਟਾਂ ਜਿੱਤੇਗਾ ਤੇ ਅਗਲੀ ਸਰਕਾਰ ਬਣਾਏਗਾ। ਇਥੇ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੇ ਕਿਸਾਨ ਪੱਖੀ ਤੇ ਗਰੀਬ ਪੱਖੀ ਨੀਤੀਆਂ ਅਤੇ ਸਮਾਜ ਦੇ ਹਰ ਵਰਗ ਦੀਆਂ ਮੰਗਾਂ ਪੂਰੀਆਂ ਕਰਦੇ ਇਸਦੇ ਵਿਲੱਖਣ ਚੋਣ ਮਨੋਰਥ ਪੱਤਰ ਦੇ ਸਦਕਾ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਸਪੱਸ਼ਟ ਬਹੁਮਤ ਦੇਣ ਦਾ ਫੈਸਲਾ ਕੀਤਾ ਹੈ।

ਉਨਾਂ ਕਿਹਾ ਕਿ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਦਾ ਵੀ ਰਿਕਾਰਡ ਪੱਧਰ ’ਤੇ ਅਤੇ ਤੇਜ਼ ਰਫਤਾਰ ਵਿਕਾਸ ਕਰਵਾਉਣ ਦਾ ਰਿਕਾਰਡ ਰਿਹਾ ਹੈ ਤੇ ਉਨ੍ਹਾਂ ਨੇ ਪੰਜਾਬ ਵਿਚ ਵਿਆਪਕ ਸੜਕੀ ਤੇ ਹਵਾਈ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਤੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ ਹੈ। ਲੋਕ ਇਨ੍ਹਾਂ ਪ੍ਰਾਪਤੀਆਂ ਨੂੰ ਯਾਦ ਕਰ ਰਹੇ ਹਨ ਤੇ ਉਨ੍ਹਾਂ ਨੇ ਗਠਜੋੜ ਦੇ ਹੱਕ ’ਚ ਆਪਣੀਆਂ ਕੀਮਤੀ ਵੋਟਾਂ ਦਿੱਤੀਆਂ ਹਨ ਤਾਂ ਜੋ ਸੂਬੇ ਵਿਚ ਵਿਕਾਸ ਕਾਰਜ ਮੁੜ ਆਰੰਭੇ ਜਾ ਸਕਣ। ਉਨ੍ਹਾਂ ਕਿਹਾ ਕਿ ਲੋਕ ਚੰਗੀ ਸਰਕਾਰ ਤੇ ਕਾਨੂੰਨ ਦਾ ਰਾਜ ਚਾਹੁੰਦੇ ਹਨ ਜੋ ਕਿ ਇਸ ਵੇਲੇ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਵਿਚ ਵੋਟਰਾਂ ਵੱਲੋਂ ਕੀਤੀ ਸ਼ਮੂਲੀਅਤ ਦੇ ਪੱਧਰ ਤੇ ਲੋਕਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਸੱਤਾ ਦੇਣ ਲਈ ਉਤਸ਼ਾਹ ਸਾਰਾ ਦਿਨ ਦਿਸ ਰਿਹਾ ਸੀ।

Share This :

Leave a Reply