ਅੰਮ੍ਰਿਤਸਰ (ਮੀਡੀਆ ਬਿਊਰੋ)- ਚੋਣਾਂ ਦੇ ਮੌਸਮ ਵਿਚ ਨੇਤਾਵਾਂ ਦੀ ਜ਼ੁਬਾਨ ਫਿਸਲਣੀ ਆਮ ਗੱਲ ਹੋ ਗਈ ਹੈ। ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਜ਼ੁਬਾਨ ਫਿਸਲੀ ਹੈ। ਅੰਮ੍ਰਿਤਸਰ ਵਿਚ 88 ਫੁੱਟੀ ਰੋਡ ’ਤੇ ਅੰਮ੍ਰਿਤਸਰ ਨਾਰਥ ਦੇ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਪ੍ਰਚਾਰ ਵਿਚ ਹੋਈ ਰੈਲੀ ’ਚ ਸੰਬੋਧਨ ਕਰ ਰਹੇ ਸਨ। ਸੁਖਬੀਰ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੁਲਿਸ ਮੁਲਾਜ਼ਮਾਂ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਪੁਲਿਸ ਵਾਲੇ ਸੜਕਾਂ ਉਤੇ ਜਾਂਦੇ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕੱਢ ਲੈਂਦੇ ਹਨ। ਚਵੰਨੀ ਵੀ ਆਮ ਲੋਕਾਂ ਦੀ ਜੇਬ ਵਿਚ ਨਹੀਂ ਛੱਡਦੇ। ਇਸ ਤੋਂ ਵੀ ਅੱਗੇ ਵੱਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਮੁਕਾਬਲੇ ਜਿਸ ਸਾਬਕਾ ਪੁਲਿਸ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਖੜ੍ਹਾ ਕੀਤਾ ਹੈ, ਉਹ ਤਾਂ ਥਾਣਿਆਂ ਤੋਂ ਵੀ 500¸500 ਰੁਪਏ ਇਕੱਠਾ ਕਰਦਾ ਹੈ। ਇਹ ਵਿਅਕਤੀ ਜਿੱਤ ਕੇ ਲੋਕਾਂ ਦੇ ਕੰਮ ਕਿਵੇਂ ਕਰੇਗਾ, ਇਹ ਲੋਕਾਂ ਨੂੰ ਖ਼ੁਦ ਹੀ ਸਮਝ ਜਾਣਾ ਚਾਹੀਦਾ ਹੈ। ਵੋਟ ਪਾਉਂਦੇ ਸਮੇਂ ਚੋਣ ਕਿਸੇ ਗਲਤ ਉਮੀਦਵਾਰ ਦੀ ਨਾ ਕਰ ਲੈਣਾ। ਜਿਸ ਤਰ੍ਹਾਂ ਇਸ ਵਾਰ ਗਲਤ ਚੋਣ ਕਰ ਲਈ ਤੇ ਸੱਤਾ ਕੈਪਟਨ ਅਮਰਿੰਦਰ ਤੇ ਹੁਣ ਚੰਨੀ ਦੇ ਹੱਥਾਂ ਵਿਚ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਵਾਰ ਪੰਜਾਬ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਪਾਏਗੀ। ਸੁਖਬੀਰ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਚੋਣ ਹਾਰਨਗੇ ਅਤੇ ਆਪਣਾ ਬੋਰੀ-ਬਿਸਤਰਾ ਲੈ ਕੇ ਆਪਣੇ ਪਿੰਡ ਵਾਪਸ ਚਲੇ ਜਾਣਗੇ।
ਕੁੰਵਰ ਦਾ ਪੰਜਾਬ ਨਾਲ ਕੋਈ ਵੀ ਸਬੰਧ ਨਹੀਂ ਹੈ । ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਅਜਿਹਾ ਵਿਅਕਤੀ ਹੈ ਜੋ ਫੋਨ ਉਤੇ ਕਿਸੇ ਨਾਲ ਵੀ ਗੱਲ ਨਹੀਂ ਕਰਦਾ, ਹਰ ਇਕ ਨੂੰ ਕਹਿੰਦਾ ਹੈ ਕਿ ਉਸ ਦੇ ਨਾਲ ਸਿਰਫ਼ ਵੱਟ੍ਹਸਐਪ ਉਤੇ ਹੀ ਗੱਲ ਕੀਤੀ ਜਾਵੇ। ਉਸ ਨੂੰ ਮਿਲਣਾ ਵੀ ਆਸਾਨ ਨਹੀਂ ਹੈ ਤਾਂ ਕਿਵੇਂ ਉਹ ਲੋਕਾਂ ਦੇ ਕੰਮ ਕਰ ਸਕੇਗਾ। ਸੁਖਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਖੀ ਅਰਵਿੰਦਰ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚ ਜ਼ਿਆਦਾ ਅੰਤਰ ਨਹੀਂ ਹੈ। ਦੋਵੇਂ ਹੀ ਝੂਠ ਬੋਲਣ ਵਾਲੇ ਨੇਤਾ ਹਨ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਕਸਮ ਖਾ ਕਰ ਚੁਣ ਵਾਅਦੇ ਪੂਰੇ ਕਰਨ ਨੂੰ ਕਿਹਾ ਸੀ। ਕੇਜਰੀਵਾਲ ਨੇ ਆਪਣੇ ਧੀ ਦੀ ਕਸਮ ਖਾਧੀ ਸੀ ਅਤੇ ਕਿਹਾ ਸੀ ਕਿ ਉਹ ਕਦੇ ਕਾਂਗਰਸ ਨਾਲ ਗਠਜੋੜ ਨਹੀਂ ਕਰਨਗੇ। ਫਿਰ ਵੀ ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਕੀਤਾ। ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਆਪਣੀ ਮਾਂ ਦੀ ਕਸਮ ਖਾ ਕੇ ਅੱਗੇ ਤੋਂ ਸ਼ਰਾਬ ਨਹੀਂ ਪੀਣ ਦਾ ਐਲਾਨ ਕੀਤਾ ਸੀ ਤੇ ਬਾਵਜੂਦ ਇਸ ਦੇ ਉਹ ਪੀ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨੇਤਾਵਾਂ ਉਤੇ ਝੂਠੇ ਕੇਸ ਦਰਜ ਕਰ ਕੇ ਚੰਨੀ ਸਰਕਾਰ ਚੋਣ ਜਿੱਤਣ ਦਾ ਸੁਪਨਾ ਲੈ ਰਹੀ ਹੈ ਜੋ ਕਦੇ ਪੂਰਾ ਨਹੀਂ ਹੋਵੇਗਾ। ਸੁਖਬੀਰ ਨੇ ਕਿਹਾ ਕਿ ਉਹ ਪੰਜਾਬ ਦੇ ਵਪਾਰੀਆਂ ਤੇ ਉਦਯੋਗਪਤੀਆਂ ਦੇ ਰਸਤੇ ਵਿਚ ਆਉਣ ਵਾਲੇ ਇੰਸਪੈਕਟਰੀ ਸਿਸਟਮ ਨੂੰ ਖਤਮ ਕਰਨਗੇ ਅਤੇ ਸਰਕਾਰ ਬਣਨ ਦੇ ਪੰਜ ਮਹੀਨਿਆਂ ਵਿਚ ਹੀ ਸਾਰਾ ਸਰਕਾਰੀ ਕੰਮ ਪੇਪਰਲੈੱਸ ਕਰ ਦੇਣਗੇ। ਅੰਮ੍ਰਿਤਸਰ ਦੇ ਵਾਲ ਸਿਟੀ ਏਰੀਆ ਨੂੰ ਮੁਕੰਮਲ ਰੂਪ ਵਿਚ ਹੈਰੀਟੇਜ ਬਣਾ ਦਿਆਂਗੇ। ਅੰਮ੍ਰਿਤਸਰ ਨੂੰ ਟੂਰਿਸਟ ਹੱਬ ਬਣਾਇਆ ਜਾਵੇਗਾ। ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪੰਜਾਬ ਵਿਚ ਹੀ ਮਿਲਣਗੇ। ਹਰ ਵਿਅਕਤੀ ਲਈ ਦਸ ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਜਾਵੇਗੀ ਜਿਸ ਦਾ ਪ੍ਰੀਮੀਅਰ ਪੰਜਾਬ ਸਰਕਾਰ ਅਦਾ ਕਰੇਗੀ। ਵਿਦੇਸ਼ ਵਿਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਵਿਆਜ ਦਸ ਲੱਖ ਰੁਪਏ ਦਾ ਕਰਜ਼ਾ ਸਰਕਾਰ ਦੇਵੇਗੀ। ਹਰ ਗਰੀਬ ਘਰ ਵਿਚ ਇਕ ਡਾਕਟਰ ਤੇ ਇੰਜੀਨੀਅਰ ਬਣਾਇਆ ਜਾਵੇਗਾ। ਇਸ ਦੌਰਾਨ ਅੰਮ੍ਰਿਤਸਰ ਉਤਰੀ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਇਸ ਵਾਰ ਉਨ੍ਹਾਂ ਜਿਤਾਉਣ ਦੀ ਅਪੀਲ ਕੀਤੀ।