ਖੰਨਾ (ਪਰਮਜੀਤ ਸਿੰਘ ਧੀਮਾਨ) – ਕਾਂਗਰਸ ਸਰਕਾਰ ਦੇ ਦੋ ਬਾਗੀ ਮੰਤਰੀਆਂ ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਨਾਉਣ ਦੀ ਮੰਗ ਉਪਰੰਤ ਹੁਣ ਖੰਨਾ ਨੂੰ ਵੀ ਜ਼ਿਲ੍ਹਾ ਬਨਾਉਣ ਦੀ ਮੰਗ ਉੱਠਣ ਲੱਗੀ ਹੈ। ਮੁੱਖ ਮੰਤਰੀ ਬਨਣ ਤੋਂ ਪਹਿਲਾ ਖੰਨਾ ਨੂੰ ਜ਼ਿਲ੍ਹਾ ਬਨਾਉਣ ਦਾ ਐਲਾਨ ਕਰਕੇ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦਾ ਪੁਰਾਣਾ ਵਾਅਦਾ ਯਾਦ ਕਰਵਾਉਣ ਲਈ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕੈਪਟਨ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਖੰਨਾ ਨੂੰ ਜ਼ਿਲ੍ਹਾ ਬਨਾਉਣ ਸਬੰਧੀ ਵਿਧਾਇਕ ਕੋਟਲੀ ਦੀ ਕੈਪਟਨ ਨਾਲ ਮੁਲਾਕਾਤ ’ਚ ਲੇਟ ਲਤੀਫ਼ੀ ਦੀ ਸ਼ਹਿਰ ਵਿਚ ਖੂਬ ਚਰਚਾ ਹੈ। ਲੋਕਾਂ ਦਾ ਕਹਿਣਾ ਹੈ ਕਿ 2017 ਦੀਆਂ ਚੋਣਾਂ ਦੌਰਾਨ ਖੰਨਾ ਨੂੰ ਜ਼ਿਲ੍ਹਾ ਬਨਾਉਣ ਦਾ ਵਾਅਦਾ ਕੋਟਲੀ ਨੇ ਪ੍ਰਮੁੱਖਤਾ ਨਾਲ ਉਠਾਇਆ ਸੀ ਤਾਂ ਹੀ ਲੋਕਾਂ ਨੇ ਕਾਂਗਰਸ ਦਾ ਸਾਥ ਦਿੱਤਾ ਸੀ, ਪ੍ਰਤੂੰ ਕੋਟਲੀ ਵੱਲੋਂ ਜ਼ਿਲ੍ਹਾ ਬਨਾਉਣ ਸਬੰਧੀ ਪੰਜ ਸਾਲਾਂ ਦੌਰਾਨ ਕੋਈ ਚਾਰਾਜੋਈ ਨਹੀਂ ਕੀਤੀ ਗਈ ਜਿਸ ਕਾਰਨ ਮਲੇਰਕੋਟਲਾ ਦਾ ਨੰਬਰ ਲੱਗ ਗਿਆ।

ਇਸੇ ਦੌਰਾਨ ਕਾਂਗਰਸ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਨੂੰ ਸਿਰਫ਼ ਮਹਿਜ਼ ਸਿਆਸੀ ਡਰਾਮਾ ਕਰਾਰ ਦਿੱਤਾ। ਅਕਾਲੀ ਦਲ ਦੇ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਚੋਣਾਂ ਨਜ਼ਦੀਕ ਆਉਣ ਕਾਰਨ ਕੋਟਲੀ ਨੂੰ ਖੰਨਾ ਦੇ ਲੋਕਾਂ ਨਾਲ ਕੀਤਾ ਵਾਅਦਾ ਯਾਦ ਆਇਆ ਹੈ, ਜਦੋਂ ਕਿ ਪੰਜ ਸਾਲ ਕੁੰਭਕਰਨੀ ਨੀਂਦ ਸੁੱਤੇ ਰਹੇ ਅਤੇ ਹੁਣ ਲੋਕਾਂ ਨੂੰ ਮੁੜ ਮੂਰਖ਼ ਬਨਾਉਣ ਲਈ ਇੱਧਰ ਉੱਧਰ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਬੇਦੀ ਨੇ ਨੀਂਦ ਤੋਂ ਜਾਗਣ ਲਈ ਕੋਟਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜ ਸਾਲ ਬਾਅਦ ਯਾਦਦਾਸ਼ਤ ਵਾਪਸ ਆ ਗਈ ਪ੍ਰਤੂੰ ਹੁਣ ਲੋਕ ਵੋਟਾਂ ਦੌਰਾਨ ਵਾਅਦਾ ਖਿਲਾਫ਼ੀ ਯਾਦ ਰੱਖਣਗੇ। ਆਮ ਆਦਮੀ ਪਾਰਟੀ ਦੇ ਆਗੂ ਅਨਿਲ ਦੱਤ ਫੱਲੀ ਨੇ ਕਿਹਾ ਕਿ ਇਹ ਕੋਟਲੀ ਤੇ ਲੱਖਾ ਵੱਲੋਂ ਸਿਆਸੀ ਡਰਾਮਾ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਦੋਵੇਂ ਆਗੂ ਕਿੱਥੇ ਸਨ ਅਤੇ ਇਸ ਦੌਰਾਨ ਮੁੱਖ ਮੰਤਰੀ ਇਕ ਵਾਰ ਵੀ ਖੰਨਾ ਨਹੀਂ ਆਏ।