ਅੰਮ੍ਰਿਤਸਰ, ਮੀਡੀਆ ਬਿਊੂਰੋ:
ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਦਾ ਚਿਹਰਾ ਐਲਾਨ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸੀਐੱਮ ਦਾ ਚਿਹਰਾ ਹੀ ਘੋਸ਼ਿਤ ਹੋਏ ਹਨ, ਚਿਹਰਾ ਹੀ ਰਹਿ ਜਾਣਗੇ। ਲੋਕਾਂ ਨੇ 20 ਸੀਟਾਂ ਵੀ ਕਾਂਗਰਸ ਨੂੰ ਨਹੀਂ ਦੇਣੀਆਂ ਹਨ। ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਕੇ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਨੇ ਘੁਟਾਲਿਆਂ ਦਾ ਸਮਰਥਨ ਕੀਤਾ ਹੈ।
ਸ਼ਰਾਬ, ਰੇਤ, ਸਕਾਲਰਸ਼ਿਪ ਮਾਫ਼ੀਆ ਨੂੰ ਕਾਂਗਰਸ ਨੇ ਟਿਕਟਾਂ ਦਿੱਤੀਆਂ। ਪੰਜਾਬ ਦਾ ਨੁਕਸਾਨ ਕਰਨ ਵਾਲੇ ਲੋਕ ਚੰਨੀ ਤੇ ਸਿੱਧੂ ਦੀ ਕਾਂਗਰਸ ਵਿਚ ਅੱਗੇ ਰਹਿਣਗੇ। ਲੋਕਾਂ ਨੇ ਨਕਾਰ ਦਿੱਤਾ ਹੈ। ਦਿੱਲੀ ਵਿਚ ਪੱਪੂ ਨਹੀਂ ਰਹੇਗਾ ਤੇ ਪੰਜਾਬ ਵਿਚ ਗੱਪੂ ਨਹੀਂ ਰਹੇਗਾ। ਸਿੱਧੂ ਦੇ ਸੀਐੱਮ ਚਿਹਰਾ ਨਾ ਬਣਨ ’ਤੇ ਉਨ੍ਹਾਂ ਦੇ ਪਾਕਿਸਤਾਨ ਦਾ ਰੁਖ਼ ਕਰਨ ਦੀ ਮਜੀਠੀਆ ਪਹਿਲਾਂ ਗੱਲ ਕਰਦੇ ਰਹੇ ਹਨ, ਇਸ ’ਤੇ ਅੱਜ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਪੂਰਬੀ ਵਿਚ ਹੀ ਲੋਕ ਕਹਿ ਰਹੇ ਹਨ ‘ਭਾਗ ਸਿੱਧੂ ਭਾਗ, ਸਿੱਧੂ ਹੁਣ ਬਹਾਨਾ ਲਗਾ ਕੇ ਭੱਜੇਗਾ’। ਸਿੱਧੂ ਪਹਿਲਾਂ ਵੀ ਨਾ ਤਾਂ ਲੋਕਾਂ ਲਈ ਹਾਜ਼ਰ ਸਨ ਅਤੇ ਨਾ ਹੀ ਉਨ੍ਹਾਂ ਦਾ ਫੋਨ ਚੁੱਕਦੇ ਸਨ। ਕਿਸੇ ਦੇ ਸੁੱਖ ਦੁੱਖ ਵਿਚ ਨਹੀਂ ਗਏ। ਇਹ ਹਲਕਾ 117 ਹਲਕਿਆਂ ਵਿਚੋਂ ਸਭ ਤੋਂ ਪੱਛੜਿਆ ਹੋਇਆ ਹੈ।
ਉਹ ਪੰਜਾਬ ਮਾਡਲ ਦੀ ਗੱਲ ਕਰਦੇ ਹਨ, ਪਰ ਜਿੱਥੋਂ ਵਿਧਾਇਕ ਹੈ, ਉਸ ਹਲਕੇ ਦਾ ਬੇੜਾ ਗਰਕ ਕੀਤਾ ਹੋਇਆ ਹੈ। ਚੰਨੀ ’ਤੇ ਸਰਕਾਰੀ ਖਜ਼ਾਨੇ ਵਿਚ ਲੁੱਟ ਦੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਚੰਨੀ ਨੇ ਪੰਜਾਬ ਨੂੰ ਲੁੱਟਿਆ ਤੇ ਲੁੱਟ ਦੇ ਪੈਸੇ ਦਿੱਲੀ ਭੇਜੇ। ਉਦੋਂ ਰਾਹੁਲ ਗਾਂਧੀ ਉਨ੍ਹਾਂ ਨੂੰ ਸਰਪ੍ਰਸਤੀ ਦੇ ਰਹੇ ਹਨ। ਰਾਹੁਲ ਗਾਂਧੀ ਦੁਆਰਾ ਗ਼ਰੀਬ ਘਰ ਦੇ ਮੁੰਡੇ ਨੂੰ ਸੀਐੱਮ ਚਿਹਰਾ ਬਣਾਏ ਜਾਣ ਦੀ ਗੱਲ ’ਤੇ ਉਨ੍ਹਾਂ ਕਿਹਾ ਕਿ ਕਿਸੇ ਗ਼ਰੀਬ ਘਰ ਦੇ ਬੱਚੇ ਤੋਂ ਦਸ ਕਰੋੜ ਦੀ ਰਿਕਵਰੀ ਨਹੀਂ ਹੁੰਦੀ। ਉਸ ਦੇ ਕੋਲ 12 ਲੱਖ ਦੀ ਘੜੀ, 56 ਕਰੋੜ ਦੀ ਜਾਇਦਾਦ ਨਹੀਂ ਹੁੰਦੀ। ਉਹ ਗ਼ਰੀਬ ਘਰ ਦਾ ਪੁੱਤਰ ਨਹੀਂ, ਕਾਂਗਰਸ ਦੇ ਲੁਟੇਰਿਆਂ ਦਾ ਪਰਿਵਾਰ ਹੈ।






















