ਖੰਨਾ (ਪਰਮਜੀਤ ਸਿੰਘ ਧੀਮਾਨ) – ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਕਰੀਬ ਚਾਰ ਦਹਾਕਿਆਂ ਪਿਛੋਂ ਨਗਰ ਕੌਂਸਲ ਖੰਨਾ ਦਾ ਪ੍ਰਧਾਨ ਇਸ ਵਾਰ ਅਨੂਸੂਚਿਤ ਜਾਤੀ ਸ਼੍ਰੇਣੀਆਂ ਵਿਚੋਂ ਜਿੱਤ ਕੇ ਆਏ ਕਾਂਗਰਸੀ ਕੌਂਸਲਰ ਕਮਲਜੀਤ ਸਿੰਘ ਲੱਧੜ ਨੂੰ ਬਣਾਇਆ ਗਿਆ, ਪਰ ਇੰਝ ਜਾਪਦਾ ਹੈ ਕਿ ਇਸ ਇਲਾਕੇ ਦੇ ਵਿਧਾਇਕ ਅਤੇ ਹੋਰ ਆਗੂਆਂ ਦੀ ਇਹ ਇਕ ਮਜ਼ਬੂਰੀ ਸੀ ਅਤੇ ਪ੍ਰਧਾਨ ਨੂੰ ਉਹ ਹੱਕ ਨਹੀਂ ਦਿੱਤੇ ਜਾ ਰਹੇ ਜੋ ਉਸਦੇ ਬਣਦੇ ਹਨ।
ਜਿਵੇਂ ਕਿ 22 ਅਪ੍ਰੈਲ ਪ੍ਰਧਾਨ ਚੁਣੇ ਜਾਣ ਉਪਰੰਤ ਮੀਤ ਪ੍ਰਧਾਨ ਬਣੇ ਜਤਿੰਦਰ ਪਾਠਕ ਨੂੰ ਪਹਿਲਾ ਇਕ ਮਹੀਨੇ ਲਈ ਐਕਟਿੰਗ ਪ੍ਰਧਾਨ ਵਜੋਂ ਕੁਰਸੀ ਸੌਂਪ ਦਿੱਤੀ ਗਈ, ਜਦੋਂ ਲੱਧੜ ਨੇ ਦੁਬਾਰਾ 17 ਮਈ ਨੂੰ ਪ੍ਰਧਾਨਗੀ ਦੀ ਕੁਰਸੀ ਸੰਭਾਲੀ ਤਾਂ ਉਸ ਨੂੰ ਫ਼ਿਰ 28 ਜੂਨ ਤੋਂ ਦੋ ਮਹੀਨੇ ਦੀ ਛੁੱਟੀ ’ਤੇ ਭੇਜ ਦਿੱਤਾ। ਜਿਸਦੀ ਸਮੁੱਚੇ ਸ਼ਹਿਰ ਵਿਚ ਚਰਚਾ ਹੈ, ਜਦੋਂ ਪਿਛਲੇ ਦਿਨੀਂ ਇਸ ਸਬੰਧੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸਬੰਧੀ ਅਣਜਾਣਤਾ ਪ੍ਰਗਟ ਕੀਤੀ। ਹੁਣ ਜਦੋਂ 31 ਅਗਸਤ ਨੂੰ ਫ਼ਿਰ ਲੱਧੜ ਨੇ ਕੁਰਸੀ ਸੰਭਾਲੀ ਤਾਂ ਉਸ ਨੂੰ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਕਈ ਕੰਮਾਂ ਸਬੰਧੀ ਜਾਣਕਾਰੀ ਹੀ ਨਹੀਂ ਦਿੱਤੀ ਜਾ ਰਹੀ।
ਜਿਸਦੀ ਮਿਸਾਲ ਕੱਲ ਉਦੋਂ ਦੇਖਣ ਨੂੰ ਮਿਲੀ ਜਦੋਂ ਕੌਂਸਲ ਦੇ ਮੀਤ ਪ੍ਰਧਾਨ ਜਤਿੰਦਰ ਪਾਠਕ ਵੱਲੋਂ ਗੁਰੂ ਅਮਰਦਾਸ ਮਾਰਕੀਟ ’ਚ ਪਖਾਨੇ ਦੇ ਨਵੀਨੀਕਰਨ ਤੋਂ ਬਾਅਦ ਉਦਘਾਟਨ ਕੀਤਾ ਗਿਆ, ਜਿਸ ਦੀ ਭਿਣਕ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੂੰ ਨਹੀਂ ਪੈਣ ਦਿੱਤੀ ਗਈ, ਜਦੋਂ ਕਿ ਉਹ ਸਾਰਾ ਦਿਨ ਕੌਂਸਲ ਦਫ਼ਤਰ ਵਿਚ ਹੀ ਮੌਜੂਦ ਰਹੇ।
ਇਸ ਸਬੰਧੀ ਪ੍ਰਧਾਨ ਲੱਧੜ ਨੇ ਕਿਹਾ ਕਿ ਉਹ ਸਾਰਾ ਦਿਨ ਦਫ਼ਤਰ ਬੈਠੇ ਸਨ, ਪ੍ਰਤੂੰ ਉਨ੍ਹਾਂ ਨੂੰ ਅਮਰਦਾਸ ਮਾਰਕੀਟ ਵਿਖੇ ਉਦਘਾਟਨ ਸਬੰਧੀ ਕੋਈ ਜਾਣਕਾਰੀ ਨਹੀਂ। ਇਸੇ ਤਰ੍ਹਾਂ ਈ.ਓ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਉਦਘਾਟਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਪਾਠਕ ਨੇ ਕਿਹਾ ਕਿ ਉਨ੍ਹਾਂ ਉਦਘਾਟਨ ਸਬੰਧੀ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪ੍ਰਤੂੰ ਦੋਵਾਂ ਨੇ ਵਾਰ-ਵਾਰ ਫੋਨ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਨਿਲ ਦੱਤ ਫੱਲੀ ਨੇ ਕਿਹਾ ਕਿ ਇਕ ਪਾਸੇ ਸਰਕਾਰ ਅਨੂਸੁਚਿਤ ਜਾਤੀ ਸ਼ੇ੍ਰਣੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ ਦੇ ਦਾਅਵੇ ਕਰਦੀ ਹੈ, ਪ੍ਰਤੂੰ ਸਭ ਦਿਖਾਵਾ ਹੈ। ਅਕਾਲੀ ਕੌਂਸਲਰ ਸਰਬਜੀਤ ਸਿੰਘ ਕਾਲੀਰਾਓ ਨੇ ਵੀ ਤਿੱਖਾ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਕੌਂਸਲ ਦੇ ਚੁਣੇ ਪ੍ਰਧਾਨ ਨੂੰ ਹੀ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ।