ਕਰੋਨਾ ਨਾਲ ਬ੍ਰੇਕਅਪ ਤੋਂ ਬਾਅਦ ਫਿਰ ਮੈਂ ਡੇਂਗੂ ਨਾਲ ਪਾਈ ਆੜੀ!

ਸਾਡੇ ਦੇਸ਼ ਭਾਰਤ ਵਿੱਚ ਬਹੁਤ ਸਾਰੇ ਮਿਜ਼ਾਜ ਚੱਲ ਰਹੇ ਹਨ। ਕਦੋਂ ਕਿਸੇ ਦਾ ਮਿਜ਼ਾਜ ਬਦਲ ਜਾਵੇ ਕੋਈ ਪਤਾ ਨਹੀਂ ਲਗਦਾ, ਪੰਜ ਸਾਲ ਬਾਅਦ ਸਰਕਾਰ ਦੇ ਮਿਜ਼ਾਜ ਬਦਲ ਜਾਂਦੇ ਹਨ। ਕਿਸੇ ਨੂੰ ਮੰਤਰੀ ਬਣਾ ਦਿਓ ਤਾਂ ਉਸ ਦੇ ਮਿਜ਼ਾਜ ਬਦਲ ਜਾਂਦੇ ਹਨ, ਕਿਸੇ ਨੂੰ ਅਸਤੀਫਾ ਦੇਣਾ ਪਵੇ ਤਾਂ ਮਿਜ਼ਾਜ ਬਦਲ ਜਾਂਦੇ ਹਨ। ਜੇ ਤੁਹਾਡੇ ਕੋਲ ਕੋਈ ਸਿਫਾਰਸ਼ ਜਾਂ ਤੁਹਾਡੀ ਜ਼ੇਬ ਵਿੱਚ ਕੁੱਝ ਨਹੀਂ ਤਾਂ ਸਾਹਿਬ ਦੇ ਮਿਜ਼ਾਜ਼ ਬਦਲ ਜਾਂਦੇ ਹਨ। ਪਿਛਲੇ ਸਮੇਂ ਤੋਂ ਬਿਮਾਰੀਆਂ ਦੇ ਮਿਜ਼ਾਜ਼ ਬਦਲ ਰਹੇ ਹਨ ਪਿਛਲੇ ਸਾਲ ਕਰੋਨਾ ਆਇਆ ਬਹੁਤ ਲੋਕਾਂ ਨੂੰ ਅਪਣੀ ਲਪੇਟ ਵਿੱਚ ਲਿਆ, ਕਰੋਨਾ ਆਇਆ ਤਾਂ ਸਰਕਾਰ ਦੇ ਮਿਜ਼ਾਜ਼ ਬਦਲ ਗਏ ਸਾਰੇ ਦੇਸ਼ ਨੂੰ ਨਜਰਬੰਦ ਕਰ ਦਿੱਤਾ, ਕਿ ਕਰੋਨਾ ਨਾਂ ਫੈਲੇ ਪਰ ਸੈਂਕੜੇ ਲੋਕ ਭੁੱਖੇ ਪਿਆਸੇ, ਹਜ਼ੂਮ ਦੀ ਸ਼ਕਲ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਫਾਸਲਾ ਤੈਅ ਕਰਦੇ ਰਹੇ, ਕੋਈ ਪ੍ਰਬੰਧ ਨਹੀਂ ਕਿਉਂਕਿ ਸਰਕਾਰ ਦਾ ਮਿਜ਼ਾਜ ਬਦਲ ਗਿਆ ਸੀ। ਰੋਟੀ ਦੀ ਤਲਾਸ਼ ਵਿੱਚ ਨਿਕਲ਼ੇ ਲੋਕਾਂ ਨੂੰ ਸਰਕਾਰ ਨੇ ਰੋਟੀ ਤਾਂ ਕੀ ਦੇਣੀ ਸੀ ਬਲਕਿ ਲੱਤਾਂ ਬਾਹਾਂ ਤੋੜ ਦਿੱਤੀਆਂ, ਉੱਤੋਂ ਗ਼ਨੀਮਤ ਕਿ ਨਾਂ ਕੋਈ ਡਾਕਟਰ ਨਾਂ ਦਵਾਈ, ਕੁੱਝ ਮੈਡੀਕਲ ਖੁੱਲੇ ਸਰਕਾਰ ਨੇ ਸੈਨੇਟਾਈਜਰ ਤੇ ਮਾਸਕ ਜ਼ਰੂਰੀ ਕਰ ਦਿੱਤਾ। ਬੱਸ ਕੈਮੀਸਿਟਾਂ ( ਸਾਰੇ ਨਹੀਂ ) ਦੇ ਮਿਜ਼ਾਜ਼ ਬਦਲ ਗਏ,10 ਰੁਪਏ ਵਾਲਾ ਮਾਸਕ ਕਈ ਗੁਣਾ ਮਹਿੰਗਾ ਵੇਚਕੇ ਮਿਜ਼ਾਜ ਬਣਾਇਆ ਸੈਨੇਟਾਈਜਰ ਵੀ ਮਨ ਮਰਜ਼ੀ ਦੇ ਰੇਟ ਤੇ ਵੇਚਿਆ, ਸਬਜ਼ੀ ਵਾਲਿਆਂ ਦਾ ਕਰਿਆਣੇ ਵਾਲਿਆਂ ਦਾ ਵੀ ਮਿਜ਼ਾਜ ਬਦਲ ਗਿਆ ਇੱਥੋਂ ਤੱਕ ਕਿ ਠੇਕੇ ਵਾਲਿਆਂ ਦਾ ਵੀ ਮਿਜ਼ਾਜ਼ ਬਦਲ ਗਿਆ ਬੇਸ਼ੱਕ ਠੇਕੇ ਬੰਦ ਸਨ ਪਰ ਪੀਣ ਵਾਲਿਆਂ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ।

ਸਰਕਾਰ ਦਾ ਫਿਰ ਮਜਾਜ਼ ਬਦਲਿਆ 74 ਸਾਲਾਂ ਤੋਂ ਨਾਕਾਮ ਪ੍ਰਬੰਧ ਨੇ ਜੋ ਦੇਸ਼ ਦੇ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਦੇ ਸਕਿਆ, ਤਾਲੀਆਂ ਥਾਲੀਆਂ ਖੜਕਾਉਣ, ਮੋਮਬੱਤੀਆਂ ਟਾਰਚਾਂ ਜਗਾਉਣ ਦੇ ਆਹਰੇ ਲਾ ਦਿੱਤਾ। ਲੋਕਾਂ ਵਿੱਚ ਅਜ਼ੀਬ ਡਰ ਦਾ ਮਾਹੌਲ ਪੈਦਾ ਹੋ ਗਿਆ। ਜਿਵੇਂ ਤਿਵੇਂ ਕਰਕੇ ਸਮਾਂ ਨਿਕਲਿਆ ਲੋਕਾਂ ਥੋੜਾ ਸੁੱਖ ਦਾ ਸਾਹ ਲਿਆ, ਪਰ ਸਰਕਾਰ ਦਾ ਫਿਰ ਮਿਜ਼ਾਜ ਬਦਲ ਗਿਆ ਐਲਾਨ ਕਰ ਦਿੱਤਾ ਕਿ ਕਰੋਨਾ ਦੀ ਦੂਜ਼ੀ ਲਹਿਰ ਆਉਣ ਵਾਲੀ ਹੈ। ਲੋਕ ਪਹਿਲਾਂ ਤੋਂ ਹੀ ਅਜੇ ਉਭਰੇ ਨਹੀਂ ਸਨ, ਹੋਰ ਡਿਪਰੈਸ਼ਨ ਵਿਚ ਚਲੇ ਗਏ, ਕਰੋਨਾ ਫਿਰ ਆਇਆ ਪਰ ਇਸ ਵਾਰ ਗੁੱਸੇ ਵਾਲੇ ਮਿਜ਼ਾਜ ਵਿਚ,ਲੱਖਾਂ ਲੋਕਾਂ ਨੂੰ ਨਿਗਲ਼ ਗਿਆ, ਲੋਕ ਮਰ ਰਹੇ ਸਨ ਲਾਸ਼ਾਂ ਦੇ ਢੇਰ ਲੱਗ ਰਹੇ ਸਨ, ਪਰ ਇਸ ਵਾਰ ਵੀ ਸਰਕਾਰ ਦਾ ਮਿਜ਼ਾਜ ਓਹੀ ਰਿਹਾ, ਹੁਣ ਸਰਕਾਰ ਫਿਰ ਕਹਿ ਰਹੀ ਹੈ ਕਿ ਤੀਜੀ ਕਰੋਨਾ ਲਹਿਰ ਆਵੇਗੀ ਕਦੋਂ ਆਵੇਗੀ ਸਰਕਾਰ ਨੂੰ ਪਤਾ ਹੈ। ਇਸ ਦੌਰਾਨ ਮੈਂ ਵੀ ਕਰੋਨਾ ਨਾਲ ਅੱਖ ਮਟੱਕਾ ਕਰ ਬੈਠਾ, ਡਾਕਟਰ ਕਹਿੰਦਾ ਤੁਹਾਨੂੰ ਕਰੋਨਾ ਹੋ ਗਿਆ ਹੈ, ਆਕਸੀਜਨ ਵੀ ਘੱਟ ਹੈ ਮੈਨੂੰ ਸਾਹ ਲੈਣ ਵਿੱਚ ਵੀ ਬੜੀ ਦਿੱਕਤ ਆ ਰਹੀ ਸੀ, ਡਾਕਟਰ ਨੇ ਦਵਾਈਆਂ ਦਾ ਬੱਕਸਾ ਦੇ ਘਰੇ ਤੋਰ ਦਿੱਤਾ 20 ਦਿਨ ਘਰ ਵਿੱਚ ਨਜ਼ਰਬੰਦ ਹੋਣ ਲਈ ਕਿਹਾ, ਪਰ ਮੈਂ ਤਾਂ ਹੁਣ ਅਪਣਾ ਮਜਾਜ਼ ਵੀ ਨਹੀਂ ਸੀ ਬਦਲ ਸਕਦਾ ਸੋ ਚੁਪਚਾਪ ਚਾਰਪਾਈ ਤੇ ਜਾ ਆਸਣ ਲਾਇਆ, ਸੋਸ਼ਲ ਮੀਡੀਆ ਤੇ ਲੋਕਾਂ ਦੇ ਕਰੋਨਾ ਨਾਲ ਮਰਨ ਦੀਆਂ ਖਬਰਾਂ ਪੜਦਾ ਰਿਹਾ । ਲੱਗਿਆ ਕਿ ਬਹੁਤ ਛੇਤੀ ਕਿਸੇ ਖਬਰ ਵਿੱਚ ਮੇਰਾ ਵੀ ਨਾਮ ਹੋਵੇਗਾ। ਪਰ ਮੈਂ ਹੌਂਸਲਾ ਨਹੀਂ ਹਾਰਿਆ ਖਬਰ ਬਨਣ ਤੋਂ ਪਹਿਲਾਂ ਜਿਉਣਾ ਹੈ, ਅਤੇ ਕਰੋਨਾ ਨਾਲ ਲੜਾਈ ਲੜਨੀ ਹੈ, ਦ੍ਰਿੜ ਇਰਾਦੇ ਨਾਲ ਸੰਘਰਸ਼ ਕੀਤਾ, ਕਰੋਨਾ ਹਾਰ ਗਿਆ ਮੈਂ ਜਿੱਤ ਗਿਆ।

ਹੁਣ ਡੇਂਗੂ ਚੱਲ ਰਿਹਾ ਹੈ ਹਰ ਸਾਲ ਹੀ ਆਉਂਦਾ ਹੈ, ਇਸ ਵਾਰ ਆਇਆ ਹੈ, ਮੇਰੀ ਵੀ ਡੇਂਗੂ ਨਾਲ ਆੜੀ ਪੈ ਗਈ ਹੈ, ਪਿਛਲੇ ਕਈ ਦਿਨਾਂ ਤੋਂ ਬੁਖਾਰ ਜੋ 103/4ਤੋਂ ਨਹੀਂ ਸੀ ਘਟ ਰਿਹਾ ਕੁੱਝ ਦਿਨ ਸਰਕਾਰੀ ਹਸਪਤਾਲ ਚੋਂ ਦਵਾਈ ਚਲਦੀ ਰਹੀ ਕੋਈ ਫ਼ਰਕ ਨਾ ਪਿਆ ਬਲਕਿ ਤਿੰਨ ਦਿਨ ਬਾਅਦ ਉਲਟੀਆਂ ਸ਼ੁਰੂ ਹੋ ਗਈਆ ਕੁੱਝ ਵੀ ਨਹੀਂ ਸੀ ਪਚ ਰਿਹਾ ਆਖਰ ਪ੍ਰਾਈਵੇਟ ਹਸਪਤਾਲ ਗਿਆ ।ਡਾਕਟਰ ਜੈਨ ਸਾਹਿਬ ਬਹੁਤ ਅੱਛੇ ਡਾਕਟਰ ਦੇ ਨਾਲ ਨਾਲ ਬਹੁਤ ਅੱਛੇ ਇਨਸਾਨ ਵੀ ਹਨ। ਲੋਕਾਂ ਦਾ ਇਲਾਜ ਸੇਵਾ ਭਾਵਨਾ ਨਾਲ ਕਰਦੇ ਹਨ। ਮੇਰੇ ਅੱਛੇ ਮਿੱਤਰ ਹਨ। ਉਸ ਨੇ ਕੁਝ ਟੈਸਟ ਲਏ ਕਹਿੰਦੇ ਸੈੱਲ ਘਟ ਹਨ ਪਰ ਕੋਈ ਘਬਰਾਉਣ ਵਾਲੀ ਖਾਸ ਗੱਲ ਨਹੀਂ ਕੰਮ ਚੱਲ ਜਾਵੇਗਾ। ਫੇਰ ਚੈੱਕ ਕਰ ਲਵਾਂਗੇ ਜੇ ਹੋਰ ਘਟ ਗਏ ਤਾਂ ਦੇਖਾਂਗੇ ਵੈਸੇ ਇਹ ਸਮਾਂ ਪਾ ਕੇ ਅਪਣੇ ਆਪ ਠੀਕ ਹੋ ਜਾਣਗੇ ਸੈਲਾਂ ਦਾ ਕੋਈ ਵੱਡਾ ਮਸਲਾ ਨਹੀਂ ਹੈ।ਹਾਂ ਲੀਵਰ ਵਿੱਚ ਸੋਜ਼ਿਸ਼ ਆਈ ਹੈ ਜਿਸ ਕਰਕੇ ਕੁੱਝ ਪਚ ਨਹੀਂ ਰਿਹਾ,ਇਹ ਸਮੱਸਿਆ ਜ਼ਿਆਦਾ ਵਧ ਗਈ ਹੈ।ਡਾਕਟਰ ਨੇ ਕਿਹਾ ਡ੍ਰਿਪ ਲਾਉਣੀ ਪਵੇਗੀ ਉਨ੍ਹਾਂ ਦੋ ਦਿਨ ਡ੍ਰਿਪ ਲਾਈ ਕਾਫੀ ਰਾਹਤ ਮਿਲੀ ਸਿਹਤ ਕੁੱਝ ਠੀਕ ਹੋਈ।ਪੂਰਾ ਸਰੀਰ ਜਕੜਿਆ ਹੋਇਆ ਸੀ ਜੋੜਾਂ ਵਿੱਚ ਕਾਫੀ ਦਰਦ ਸੀ ਬੇਹੱਦ ਕਮਜ਼ੋਰੀ ਆ ਚੁੱਕੀ ਹੈ, ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕੁੱਝ ਵਕਤ ਲੱਗੇਗਾ ਬੈਂਡ ਤੇ ਪਏ ਨੇ ਕਵਿਤਾ*ਦਿਵਾਲੀ* ਲਿਖੀ ਛੋਟੇ ਵੀਰ ਪਵਨ ਪ੍ਰਵਾਸੀ ਜੀ ਨੂੰ ਜਰਮਨੀ ਭੇਜੀ ਉਹਨਾਂ ਅਪਣੇ ਅਦਾਰੇ ਪੰਜਾਬੀ ਸਾਂਝ ਜਰਮਨੀ ਵਿੱਚ ਛਾਪੀ ਬਹੁਤ ਪਸੰਦ ਕੀਤੀ ਗਈ ਇਹ ਦੱਸਣ ਦਾ ਮੇਰਾ ਮਤਲਬ ਹੈ ਕਿ ਜਦੋਂ ਸੈੱਲ ਘਟਨ ਦੇ ਨਾਮ ਤੇ ਹੀ ਲੋਕ ਜ਼ਿੰਦਗੀ ਦੀ ਆਸ ਛੱਡ ਦਿੰਦੇ ਹਨ, ਜ਼ਿੰਦਗੀ ਵਿਚ ਕਦੇ ਹੌਸਲਾ ਨਾ ਹਾਰੋ, ਮੈਂ ਇਹ ਲੇਖ ਲਿਖ ਰਿਹਾ ਹਾਂ ਬੇਸ਼ੱਕ ਹਾਲਤ ਠੀਕ ਹੋ ਰਹੇ ਹਨ।ਅੱਜ ਹੀ ਸਵੇਰੇ ਅਖਬਬਾਰ ਦੀ ਮੁੱਖ ਖਬਰ ਹੈ ਇੱਕੋ ਘਰ ਦੇ ਤਿੰਨ ਮੈਂਬਰ ਡੇਂਗੂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਬਹੁਤ ਦੁੱਖ ਹੋਇਆ। ਡੇਂਗੂ ਨੇ ਇੱਕ ਪੂਰਾ ਘਰ ਬਰਬਾਦ ਕਰ ਦਿੱਤਾ।

ਸਰਕਾਰਾਂ ਅਤੇ ਪ੍ਰਸ਼ਾਸ਼ਨ ਕਹਿੰਦੇ ਹਨ ਕਿ ਘਰਾਂ ਦੀ ਸਾਫ ਸਫ਼ਾਈ ਰੱਖੋ, ਪਾਣੀ ਇੱਕਠਾ ਨਾਂ ਹੋਣ ਦੇਵੋ ਜਿਸ ਵਿੱਚ ਡੇਂਗੂ ਮੱਛਰ ਪਲਦਾ ਹੈ।ਠੀਕ ਹੈ ਅਸੀਂ ਤਾਂ ਘਰਾਂ ਦੀ ਸਫ਼ਾਈ ਕਰ ਲਵਾਂਗੇ, ਪਰ ਜਿਹੜਾ ਸਰਕਾਰ ਮੱਛਰਾਂ ਦਾ ਪਾਲਣ ਪੋਸ਼ਣ ਕਰਦੀ ਹੈ, ਉਸ ਦੀ ਪੁੱਛਗਿੱਛ ਕਿਸ ਤੋਂ ਕਰੀਏ, ਸ਼ਹਿਰਾਂ ਦੇ ਮੇਨ ਚੌਕਾਂ ਵਿੱਚ ਹਫ਼ਤਿਆਂ ਬੱਧੀ ਲੱਗੇ ਗੰਦਗੀ ਦੇ ਢੇਰ, ਬਦਬੂ ਮਾਰਦਾ ਸੜਕਾਂ ਤੇ ਆਵਾਰਾਗਰਦੀ ਕਰਦਾ ਸੀਵਰੇਜ ਦਾ ਪਾਣੀ, ਨਿਕਾਸੀ ਰਹਿਤ ਸਫਾਈ ਦੀ ਅਣਹੋਂਦ ਕਾਰਨ ਨਾਲੀਆਂ ਚ ਖੜਿਆ ਘਰਾਂ ਦੇ ਪਾਣੀ ਚ ਮੱਛਰੋਂ ਕੀ ਬਾਰਾਤ ਚਹਿਲ ਕਦਮੀ ਕਰਦੀ ਰਹਿੰਦੀ ਹੈ। ਕਿਸੇ ਸਮੇ ਹੈਲਥ ਡਿਪਾਰਮੈਟ ਵੱਲੋਂ ਮਲੇਰੀਏ ਦੀ ਰੋਕਥਾਮ ਲਈ ਪਿੰਡਾਂ ਸਹਿਰਾਂ ਘਰਾਂ ਵਿਚ ਡੀ ਡੀ ਟੀ ਦਾ ਛਿੜਕਾਅ ਕੀਤਾ ਜਾਂਦਾ ਸੀ, ਪਰ ਹੁਣ ਸਰਕਾਰ ਲੋਕਾਂ ਨੂੰ ਸਾਵਧਾਨ ਕਰਕੇ ਹੀ ਅਪਣੇ ਫਰਜ਼ ਨਿਭਾ ਰਹੀ ਹੈ ।ਸਰਕਾਰੀ ਤੰਤਰ ਤਾਂ ਇਹੀ ਕਹਿੰਦਾ ਹੈ ਕਿ ਡੇਂਗੂ ਘਰਾਂ ਵਿੱਚ ਹੀ ਨਿਵਾਸ ਕਰਦਾ ਹੈ। ਲੋਕ ਡੇਂਗੂ ਨਾਲ ਬਿਮਾਰ ਹੋ ਕੇ ਸਰਕਾਰੀ ਹਸਪਤਾਲਾਂ ਨੂੰ ਭੱਜ ਰਹੇ ਹਨ, ਪਰ ਹਸਪਤਾਲ ਖ਼ੁਦ ਡੇਂਗੂ ਦੇ ਮਰੀਜ਼ ਬਣੇ ਹੋਏ ਹਨ। ਪੈਸੇ ਵਾਲੇ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਾ ਲੈਂਦੇ ਹਨ, ਪਰ ਮਹਾਤੜ ਵਰਗੇ ਲੋਕ ਸਰਕਾਰੀ ਹਸਪਤਾਲ ਦੇ ਵਾਰਡਾਂ ਵਿਚ ਬੈਠ ਕੇ ਇਲਾਜ ਦੀ ਉਡੀਕ ਹੀ ਕਰ ਸਕਦੇ ਹਨ। ਪਰ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਅੱਜ ਕੀ ਸਰਕਾਰੀ ਕੀ ਪ੍ਰਾਈਵੇਟ ਹਸਪਤਾਲ ਡੇਂਗੂ ਮਰੀਜ਼ਾਂ ਨਾਲ ਭਰ ਪਏ ਹਨ, ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ, ਸੈੱਲ ਚੈੱਕ ਕਰਵਾਉਣ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਟੈਸਟ ਕਰਵਾਉਣ ਵਾਲਿਆਂ ਦੀ ਲੰਮੀ ਲਿਸਟ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਲੋਕਾਂ ਦੀ ਆਰਥਿਕ ਲੁੱਟ ਹੋ ਰਹੀ ਹੈ, ਜਾਨਾਂ ਜਾ ਰਹੀਆਂ ਹਨ, ਪਰ ਕੋਈ ਸੁਨਣ ਵਾਲਾ ਨਹੀਂ ਹੈ। ਨਾਂ ਹੀ ਲੋਕ ਕੋਈ ਸਵਾਲ ਕਰਦੇ ਹਨ ਕਿਉਂਕਿ ਇਸ ਭਿ੍ਸ਼ਟ ਲੋਟੂ ਸਿਸਟਮ ਨੇ ਲੋਕਾਂ ਦੀ ਮਾਨਸਿਕ ਹਾਲਤ ਹੀ ਅਜਿਹੀ ਬਣਾ ਦਿੱਤੀ ਹੈ ਕਿ ਲੋਕ ਟੂਣੇ ਟੋਟਕਿਆਂ ਦੇ ਚੱਕਰ ਵਿੱਚ ਪੈਣ ਲਈ ਮਜਬੂਰ ਹਨ। ਲੋਕ ਨੀਮ ਹਕੀਮਾਂ ਦੇ ਕੋਲ ਜਾਣ ਲਈ ਮਜਬੂਰ ਹਨ ਜੋ ਇਹਨਾਂ ਦੀ ਲੁੱਟ ਹੋਰ ਤਿੱਖੇ ਰੂਪ ਵਿੱਚ ਹੋ ਰਹੀ ਹੈ।

ਲੋਕ ਅਪਣਿਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਦਰ ਦਰ ਭਟਕ ਰਹੇ ਹਨ। ਕੋਈ ਬੱਕਰੀ ਦਾ ਦੁੱਧ ਲੱਭ ਰਿਹਾ ਹੈ ਜੋ 400/500 ਸੌ ਰੁਪਏ ਲੀਟਰ ਮਿਲ ਰਿਹਾ ਹੈ ਕਹਿੰਦੇ ਹਨ ਕਿ ਬੱਕਰੀ ਦਾ ਦੁੱਧ ਪੀਣ ਨਾਲ ਸੈੱਲ ਵੱਧ ਜਾਂਦੇ ਹਨ। ਹੁਣ ਮੇਰੇ ਇਹਨਾਂ ਭੋਲੇ ਲੋਕਾਂ ਨੂੰ ਕੌਣ ਸਮਝਾਵੇ ਕਿ ਸਪਰੇਅ ਵਾਲਾ ਹਰਾ ਚਾਰਾ ਖਾ ਕੇ ਬੱਕਰੀ ਦੇ ਤਾਂ ਆਵਦੇ ਸੈੱਲ ਘਟ ਚੁੱਕੇ ਹਨ ਤੁਹਾਡੇ ਕਿਵੇਂ ਵਧਾ ਦੇਵੇਗੀ, ਹਾਂ ਬੱਕਰੀ ਦੇ ਮਾਲਕ ਦੇ ਸੈੱਲ ਜ਼ਰੂਰ ਵਧ ਜਾਣਗੇ,ਜੋ ਉਸ ਦਾ ਦੁੱਧ ਕਈ ਗੁਣਾ ਮਹਿੰਗਾ ਵਿਕ ਗਿਆ ਹੈ । ਲੋਕ ਗਲੋ ਦੀ ਵੇਲ ਨੂੰ ਜੜਾਂ ਤੱਕ ਖਾ ਗਏ ਪਰ ਕਿੰਨਿਆਂ ਦੇ ਇਸ ਨਾਲ ਸੈੱਲ ਵਧੇ ਓਹੀ ਦੱਸ ਸਕਦੇ ਹਨ। ਕੀਵੀ ਦੇ ਫ਼ਲ ਨੂੰ ਸੈੱਲ ਵਧਾਉਣ ਦਾ ਸੱਭ ਤੋਂ ਵੱਡਾ ਸਰੋਤ ਕਹਿਕੇ 40/ਤੋਂ 50 ਰੁਪਏ ਦਾ ਵੇਚਿਆ ਜਾ ਰਿਹਾ ਹੈ। ਜਦੋਂ ਕਿ ਕੀਵੀ ਦੇ ਫਲ ਵਿੱਚ ਵੀ ਦੂਸਰੇ ਫਲਾਂ ਤੋਂ ਇਲਾਵਾ ਕੋਈ ਵੱਖਰੇ ਵਿਟਾਮਿਨ ਨਹੀਂ ਹਨ ‌। ਲੋਕ ਪਪੀਤੇ ਦੇ ਪੱਤੇ ਹੋਰ ਪਤਾ ਨਹੀਂ ਕੀ ਘਾਹ ਫੂਸ ਖਾਂਣ ਨੂੰ ਮਜਬੂਰ ਹਨ,ਪਰ ਦੁੱਖ ਤੋਂ ਛੁਟਕਾਰਾ ਪਾਉਣ ਲਈ ਲੋਕ ਹਰ ਹੀਲਾ ਵਰਤ ਰਹੇ ਹਨ ।ਅਤੇ ਲੋਕਾਂ ਦੀ ਲੁੱਟ ਹੋ ਰਹੀ ਹੈ ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ। ਪਰ ਸਰਕਾਰਾਂ ਤਾਂ ਅਪਣੀ ਕੁਰਸੀ ਦੇ ਜੋੜ ਤੋੜ ਵਿੱਚ ਹੀ ਲੱਗੀਆਂ ਹੋਈਆਂ ਹਨ। ਕਹਿੰਦੇ ਹੁਣ ਗਰੀਬ ਘਰ ਦਾ ਮੁੰਡਾ ਰਾਜਾ ਬਣ ਗਿਆ ਹੁਣ ਗਰੀਬਾਂ ਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ,ਮੰਨ ਖੁਸ਼ ਹੋਇਆ ਕਿ ਸ਼ਾਇਦ ਹੁਣ ਹੀ ਬੇਬੇ ਦੀ ਐਨਕ ਦਾ ਕੋਈ ਬੰਦੋਬਸਤ ਹੋ ਜਾਵੇ, ਪਰ ਗਵਾਂਡਣ ਆਂਟੀ ਨੇ ਦੱਸਿਆ ਕਿ ਰਾਜਾ ਜੀ ਗਰੀਬ ਮੰਤਰੀਆਂ ਵਾਸਤੇ ਵੱਡੀਆਂ ਗੱਡੀਆਂ ਖਰੀਦਣ ਗਏ ਹੋਏ ਹਨ ਆ ਕੇ ਗਰੀਬਾਂ ਬਾਰੇ ਸੋਚਣਗੇ।

ਕੱਲ ਸੋਮੂ ਅੰਕਲ ਨੇ ਦੱਸਿਆ ਗਰੀਬ ਰਾਜਾ ਜੀ ਕਿਸੇ ਡੇਰੇ ਬਾਬਿਆਂ ਦੇ ਦਰਸ਼ਨ ਕਰਨ ਗਏ ਸਨ ਅੱਧਾ ਕਰੋੜ ਖ਼ਜ਼ਾਨੇ ਚੋਂ ਬਾਬਿਆਂ ਨੂੰ ਦਾਨ ਦੇ ਆਏ ਨੇ , ਠੀਕ ਹੀ ਤਾਂ ਕੀਤਾ ਸਾਡੀਆਂ ਤਾਂ ਦੋ ਚਾਰ ਵੋਟਾਂ ਹਨ, ਪਰ ਬਾਬਿਆਂ ਕੋਲ ਤਾਂ ਵੋਟਾਂ ਦੇ ਸੰਦੂਕ ਭਰੇ ਹੋਏ ਹਨ। ਤਰਕਵਾਦੀ ਮੰਨ ਕਦੇ ਟਿਕ ਕੇ ਨਹੀਂ ਬਹਿੰਦਾ, ਕੁੱਝ ਨਾ ਕੁੱਝ ਸੋਚਦਾ ਹੀ ਰਹਿੰਦਾ ਹੈ, ਹਸਪਤਾਲ ਦੇ ਬੈਡ ਤੇ ਪਏ ਨੇ ਸੋਚਿਆ ਕਿਉਂ ਨਾ ਹੈਲਥ ਡਿਪਾਰਮੈਟ ਦੇ ਕੁੱਝ ਮਿੱਤਰਾਂ ਤੋਂ ਇਸ ਦੀ ਜਾਣਕਾਰੀ ਲਈ ਜਾਵੇ, ਫੋਨ ਤੇ ਗੱਲਬਾਤ ਕਰਕੇ ਇਸ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹ ਸਮੱਸਿਆ ਤਾਂ ਹੈ ਪਰ ਜਿਸ ਤਰ੍ਹਾਂ ਇਸ ਨੂੰ ਲੋਕਾਂ ਦੇ ਵਿਚ ਪ੍ਰਚਾਰਿਆ ਤੇ ਫੈਲਾਇਆ ਜਾ ਰਿਹਾ ਹੈ ਇਹ ਸਹੀ ਨਹੀਂ ਹੈ, ਸਮੱਸਿਆ ਗੰਭੀਰ ਹੈ ਪਰ ਇਸ ਦੇ ਲਈ ਤਾਰਕਿਕ ਤੇ ਉਸਾਰੂ ਸੋਚ ਦੀ ਪਹੁੰਚ ਬਣਾਉਣ ਦੀ ਲੋੜ ਹੈ। ਡੇਂਗੂ ਬੁਖਾਰ ਵਿੱਚ ਸੈੱਲਾਂ ਦਾ ਘਟ ਜਾਣਾ ਆਮ ਵਰਤਾਰਾ ਹੈ ਪਰ ਜਿਸ ਤਰ੍ਹਾਂ ਇਹ ਲੋਕਾਂ ਦੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਹ ਠੀਕ ਨਹੀਂ ਹੈ। ਅਕਸਰ ਡੇਢ ਦੋ ਲੱਖ ਸੈਲਾਂ ਨੂੰ ਵੀ ਘਟਿਆ ਹੋਇਆ ਮੰਨ ਕੇ ਗੰਭੀਰ ਸਮਝ ਲਿਆ ਜਾਂਦਾ ਹੈ ਜਦੋਂ ਕਿ 40 ਹਜ਼ਾਰ ਸੈਲਾਂ ਤੱਕ ਵੀ ਮਨੁੱਖੀ ਸਰੀਰ ਦਾ ਕੰਮ ਚੱਲ ਜਾਂਦਾ ਹੈ। ਇਸ ਤੋਂ ਵੱਧ ਸੈਲ ਘੱਟ ਜਾਣ ਨਾਲ ਸਮੱਸਿਆ ਗੰਭੀਰ ਹੋ ਜਾਂਦੀ ਹੈ ਫਿਰ ਮਰੀਜ਼ ਨੂੰ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਬੁਖਾਰ ਦੇ ਪਹਿਲੇ ਤਿੰਨ ਤੋਂ ਪੰਜ ਦਿਨ ਤੱਕ ਵੀ ਇੱਕ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਉਸ ਸਮੇਂ ਬੁਖਾਰ ਬਹੁਤ ਤੇਜ਼ ਹੋ ਜਾਂਦਾ ਹੈ। ਪਰ ਅੱਜ ਦੇ ਸਮੇਂ ਵਿਚ ਹਰ ਪੱਧਰ ਤੇ ਕਾਰਪੋਰੇਟ ਸੈਕਟਰ ਦਾ ਬੋਲਬਾਲਾ ਹੋਣ ਕਾਰਨ ਹਰ ਵਰਤਾਰੇ ਨੂੰ ਇਸ ਨਾਲ ਜੋੜ ਦਿੱਤਾ ਗਿਆ ਹੈ ਬੇਸ਼ੱਕ ਅੱਜ ਮੈਡੀਕਲ ਹੈਲਥ ਸੈਂਟਰ ( ਸਾਰੇ ਨਹੀਂ) ਵੀ ਇਸ ਤੋਂ ਅਛੂਤੇ ਨਹੀਂ ਹਨ ਇਹੀ ਕਾਰਨ ਹੈ ਕਿ ਅੱਜ ਬਹੁਤ ਸਾਰੇ ਹਸਪਤਾਲਾਂ ਬਾਰੇ ਪੜ੍ਹਨ-ਸੁਣਨਾ ਨੂੰ ਮਿਲ ਜਾਂਦਾ ਹੈ।

ਡਾਕਟਰ ਰਾਜ ਕੁਮਾਰ ਬਾਂਸਲ ਜੋ ਕਿ ਇੱਕ ਮਨੋਵਿਗਿਆਨੀ ਹਨ ਉਹ ਕਹਿੰਦੇ ਹਨ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਸੰਬੰਧ ਸਾਡੇ ਮਾਨਸਿਕ ਪੱਧਰ ਨਾਲ ਵੀ ਹੈ ਅਕਸਰ ਅਜਿਹੀਆਂ ਗੰਭੀਰਰ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਮਾਹਿਰਾਂ ਵੱਲੋਂ ਸਹੀ ਜਾਣਕਾਰੀ ਮੁਹਈਆ ਕਰਵਾਉਣ ਦੀ ਬਜਾਏ ਆਮ ਲੋਕਾਂ ਵੱਲੋਂ ਅੱਧਕਚਰੀ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਕਿ ਲੋਕਾਂ ਵਿਚ ਡਰ ਦਾ ਮਾਹੌਲ ਸਿਰਜ ਦਿੰਦੀ ਹੈ ਇਹੀ ਕਾਰਨ ਹੈ ਕਿ ਲੋਕ ਡਰ ਦੇ ਕਾਰਨ ਗੰਭੀਰ ਸਮੱਸਿਆਵਾਂ ਦੇ ਸ਼ਿਕਾਰ ਹੋ ਜਾਂਦੇ ਹਨ ।ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਡੇਂਗੂ ਦੇ ਮਰੀਜ਼ਾਂ ਦੇ ਨੱਬੇ ਪਰਸੈਂਟ ਸੈੱਲ ਘਟ ਕੇ ਆਪਣੇ ਆਪ ਹੀ ਪੂਰੇ ਹੋ ਜਾਂਦੇ ਹਨ ਪਰ ਦਸ ਪ੍ਰਤਿਸ਼ਤ ਮਰੀਜ਼ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ ਉਨ੍ਹਾਂ ਵਿੱਚੋਂ ਵੀ ਦੋ ਪ੍ਰਤਿਸ਼ਤ ਹੁੰਦੇ ਹਨ ਜਿਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ। ਡਾਕਟਰ ਬਾਂਸਲ ਸਾਹਿਬ ਦਾ ਕਹਿਣਾ ਹੈ ਕਿ ਹਰ ਮਨੁੱਖ ਨੂੰ ਤਾਰਕਿਕ ਸੋਚ ਅਪਣਾਉਣੀ ਚਾਹੀਦੀ ਹੈ ਪੋਜਿਟਿਵ ਸੋਚ ਵਾਲੇ ਮਨੁੱਖ ਹਰ ਸਮੱਸਿਆ ਚੋਂ ਬਾਹਰ ਨਿਕਲ ਜਾਂਦੇ ਹਨ, ਜਦਕਿ ਨੈਗੇਟਿਵ ਸੋਚ ਵਾਲੇ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਹਮੇਸ਼ਾ ਅਸਫਲ ਹੁੰਦੇ ਹਨ। ਹੁਣ ਗੱਲ ਕਰਦੇ ਹਾਂ ਸਰਕਾਰਾਂ ਦੀ ਭਾਰਤ ਇੱਕ ਲੋਕਤੰਤਰ ਦੇਸ਼ ਹੈ, ਲੋਕ ਅਪਣੀ ਪਸੰਦ ਦੀਆਂ ਸਰਕਾਰਾਂ ਚੁਣਦੇ ਹਨ, ਤਾਕਿ ਲੋਕਾਂ ਦਾ ਜਿਊਣਾ ਸੁਖਾਲ਼ਾ ਹੋਵੇ, ਪਰ ਦੁਖਾਂਤ ਇਹ ਹੈ ਕਿ ਭਾਰਤੀ ਸਿਆਸਤਦਾਨ ਇਸ ਕਦਰ ਨਿਘਾਰ ਵੱਲ ਜਾ ਚੁੱਕੇ ਹਨ ਕਿ ਉਨ੍ਹਾਂ ਦਾ ਮਕਸਦ ਸਿਰਫ ਆਪਣੀਆਂ ਤਜੌਰੀਆਂ ਭਰਨੀਆਂ ਅਤੇ ਸੁਖ ਸਹੂਲਤਾਂ ਮਾਨਣਾ ਰਹਿ ਗਿਆ ਹੈ ।ਆਮ ਲੋਕਾਂ ਨੂੰ ਇਹਨਾਂ ਨੇ ਹਾਸ਼ੀਏ ਉੱਪਰ ਧੱਕ ਦਿੱਤਾ ਹੈ। ਤੇ ਇਹ ਵਰਤਾਰਾ ਅੱਜ ਦੇਸ਼ ਚ ਹਰ ਪੱਧਰ ਤੇ ਫੈਲਿਆ ਹੋਇਆ, ਜਾਤਾਂ, ਮਜ਼ਹਬਾਂ, ਧਰਮਾਂ, ਫ਼ਿਰਕਿਆਂ, ਦੀ ਸਿਆਸਤ ਦਾ ਚਾਰੇ ਪਾਸੇ ਬੋਲਬਾਲਾ ਹੈ, ਚਾਰੇ ਪਾਸੇ ਲੁੱਟ ਖਸੁੱਟ ਦਾ ਵਰਤਾਰਾ ਚਾਲੂ ਹੈ।ਰਾਜਾ ਅਤੇ ਪ੍ਰਜਾ ਦਾ ਮਾਂ ਪੁੱਤ ਦਾ ਰਿਸ਼ਤਾ ਹੁੰਦਾ ਹੈ, ਪਰ ਰਾਜਾ ਸੌਤੇਲੀ ਮਾਂ ਦਾ ਰੋਲ ਅਦਾ ਕਰ ਰਿਹਾ ਹੈ। ਪ੍ਰਜਾ ਛਟਪਟਾ ਰਹੀ ਹੈ, ਲੋਕ/ ਦੇਸ਼ ਧਰਾਤਲ ਵੱਲ ਜਾ ਰਿਹਾ ਹੈ। ਅਜ਼ੀਬ ਅਫ਼ਰਾ ਤਫਰੀ ਦਾ ਮਾਹੌਲ ਹੈ, ਜਿਸ ਵਿੱਚੋਂ ਨਿਕਲ ਲਈ ਤਾਰਕਿਕ ਸੋਚ ਅਪਣਾਉਣੀ ਪਵੇਗੀ, ਫਿਰ ਹੀ ਕੁੱਝ ਚੰਗਾ ਹੋਣ ਦੀ ਸੰਭਾਵਨਾ ਹੈ।ਤੇ ਇਸ ਲਈ ਲੋਕਾਂ ਨੂੰ ਆਪ ਹੀ ਅੱਗੇ ਆਉਣਾ ਪਵੇਗਾ,ਨਿੱਜ ਤੋਂ ਉਪਰ ਉੱਠ ਕੇ ਸਮੂਹ ਪੱਧਰ ਦੀ ਸੋਚ ਅਪਣਾਉਣੀ ਪਵੇਗੀ ਫਿਰ ਹੀ ਆਉਂਣ ਵਾਲਾ ਭੱਵਿਖ ਸੁਰੱਖਿਅਤ ਹੋਵੇਗਾ। ਨਹੀਂ ਤਾਂ ਫਿਰ ਅੱਜ ਕਰੋਨਾ, ਡੇਂਗੂ,ਦਾ ਬੋਲਬਾਲਾ ਹੈ ਤਾਂ ਕੱਲ ਕਿਸੇ ਦਾ ਹੋਰ ਹੋਵੇਗਾ, ਇਹ ਤੁਸੀਂ ਸੋਚਣਾ ਹੈ… ਕੱਦ ਤੱਕ……….।

ਜਸਵੀਰ ਸੋਨੀ
94787-76938

Share This :

Leave a Reply