17 ਦਿਨਾਂ ਬਾਅਦ ਵੀ ਨਵੇਂ ਸੈਸ਼ਨ ਦੀਆਂ ਕਿਤਾਬਾਂ ਦਾ ਕੋਈ ਸੰਕੇਤ ਨਹੀਂ

ਮੋਹਾਲੀ, ਮੀਡੀਆ ਬਿਊਰੋ:

ਵਿੱਦਿਅਕ ਸੈਸ਼ਨ-2022=23 ਦੇ ਦਾਖ਼ਲਿਆਂ ਉਪਰੰਤ ਪਡ਼੍ਹਾਈ ਵਾਸਤੇ ਸਮਾਂ-ਸਾਰਣੀਆਂ ਭਾਵੇਂ ਜਾਰੀ ਹੋ ਗਈਆਂ ਪਰ ਹਾਲੇ ਤਕ ਵਿਦਿਆਰਥੀਆਂ ਦੇ ਬਸਤਿਆਂ ’ਚ ਪਾਠ-ਪੁਸਤਕਾਂ ਨਹੀਂ ਪੁੱਜੀਆਂ। ਚਰਚਾ ਹੈ ਕਿ ਲੇਟ ਛਪਾਈ ਤੇ ਕਿਤਾਬਾਂ ਦੀ ਸਪਲਾਈ ਦੇ ਅਜਿਹੇ ਹਾਲਾਤ ਤਾਂ ਕੋਵਿਡ-19 ਮਹਾਮਾਰੀ ਦੌਰਾਨ ਵੀ ਨਹੀਂ ਬਣੇ ਸਨ ਤੇ ਹੁਣ ਅਜਿਹਾ ਕਿਉਂ ਹੋ ਰਿਹਾ ਹੈ? ਦਿੱਲੀ ਮਾਡਲ ਵਰਗੇ ਸਿਹਤ ਤੇ ਸਿੱਖਿਆ ਸਿਸਟਮ ਤੋਂ ਇਲਾਵਾ ਚੰਗਾ ਪ੍ਰਸ਼ਾਸਨ ਦੇਣ ਦੇ ਵਾਅਦੇ ਕਰਕੇ ਸੱਤਾ ’ਚ ਆਈ ‘ਆਮ ਆਦਮੀ ਪਾਰਟੀ’ ਦੀ ਸਰਕਾਰ ਦੀ ਇਸ ਸਾਰੇ ਮਾਮਲੇ ਕਰਕੇ ਪੰਜਾਬ ਭਰ ’ਚ ਖਿੱਲੀ ਉੱਡ ਰਹੀ ਹੈ। ਹਾਲਾਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਇਹ ਦਾਅਵਾ ਕੀਤਾ ਸੀ ਕਿਤਾਬਾਂ ਦੀ ਸਪਲਾਈ ਦਾ ਕੰਮ 11 ਅਪ੍ਰੈਲ ਤੋਂ ਆਰੰਭ ਹੋ ਜਾਵੇਗਾ ਪਰ ਜ਼ਿਆਦਾਤਰ ਸਕੂਲਾਂ ਨਾਲ ਸੰਪਰਕ ਕਰਨ ’ਤੇ ਇਹ ਪਤਾ ਚੱਲਿਆ ਕਿ ਕਿਤਾਬਾਂ ਹਾਲੇ ਪੁੱਜਣੀਆਂ ਸ਼ੁਰੂ ਨਹੀਂ ਹੋਈਆਂ। ਪਤਾ ਚੱਲਿਆ ਹੈ ਕਿ ਹਾਲੇ ਤਕ ਛਪਾਈ ਦਾ ਕੰਮ ਹਾਲੇ ਪੂਰਾ ਨਹੀਂ ਹੋ ਸਕਿਆ ਜਿਸ ਕਰਕੇ ਸਪਲਾਈ ਦੇ ਟੀਚੇ ਵੀ ਨਾਮੁਕੰਮਲ ਰਹਿ ਗਏ। ਹਾਲਾਤ ਇਹ ਹਨ ਕਿ ਇਸ ਵਰ੍ਹੇ ਪਹਿਲਾਂ ਹੀ ਦੇਰੀ ਨਾਲ ਸ਼ੁਰੂ ਹੋਏ ਅਕਾਦਮਿਕ ਸਾਲ 2022-23 ’ਚ ਪਡ਼੍ਹਾਈ ਦਾ ਹੋਰ ਨੁਕਸਾਨ ਹੋਣ ਦਾ ਡਰ ਹੈ।

ਸਕੂਲਾਂ ਦੇ ਵੇਰਵੇ ਨਹੀਂ ਹੋਏ ਮੁਕੰਮਲ

ਸਿੱਖਿਆ ਵਿਭਾਗ ਦੇ ਆਹਲਾ-ਮਿਆਰੀ ਸੂਤਰਾਂ ਤੋਂ ਪਤਾ ਚੱਲਿਆ ਹੈ ਹਾਲੇ ਤਾਂ ਸਕੂਲਾਂ ਪਾਸੋਂ ਵੇਰਵੇ ਹੀ ਇਕੱਠੇ ਕੀਤੇ ਜਾ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਵਿਦਿਆਰਥੀਆਂ ਦੀ ਗਿਣਤੀ ਤੇ ਕਿਤਾਬਾਂ ਦੇ ਮਾਧਿਅਮਾਂ ਦੇ ਵੇਰਵੇ ਹਾਲੇ ਇਕੱਠੇ ਨਹੀਂ ਹੋਏ ਜਿਸ ਕਰਕੇ ਕਿਤਾਬਾਂ ਦੀ ਸਪਲਾਈ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਜੇਕਰ ਇਹੀ ਹਾਲਾਤ ਰਹੇ ਤਾਂ ਪੰਜਾਬ ਭਰ ਦੇ ਸਕੂਲਾਂ ’ਚ ਇਸ ਮਹੀਨੇ ਦੇ ਅੰਤ ਤਕ ਹੀ ਸਪਲਾਈ ਹੋ ਜਿਸ ਨੂੰ ਦੇਖਦਿਆਂ ਅਧਿਆਪਕ ਜਥੇਬੰਦੀਆਂ ਨੇ ਵੀ ਨਿਖੇਧੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਧਿਆਪਕਾਂ ਦਾ ਕਹਿਣਾਂ ਹੈ ਕਿ ਸਕੂਲਾਂ ’ਚ ਅਗਲੇ ਦੋ ਦਿਨ(ਵੀਰਵਾਰ, ਸ਼ੁਕਰਵਾਰ) ਛੁੱਟੀ ਹੈ ਤੇ ਸ਼ਨਿੱਚਰਵਾਰ ਤੋਂ ਬਾਅਦ ਐਤਵਾਰ ਹੈ। ਜੇਕਰ ਵਿਦਿਆਰਥੀਆਂ ਨੂੰ ਕਿਤਾਬਾਂ ਮਿਲ ਜਾਂਦੀਆਂ ਤਾਂ 3 ਛੁੱਟੀਆਂ ਦੌਰਾਨ ਘਰੇ ਬੈਠਕ ਕੇ ਉਹ ਆਰਾਮ ਨਾਲ ਸਕੂਲ ਦਾ ਕੰਮ ਕਰ ਸਕਦੇ ਸਨ।

6 ਅਪ੍ਰੈਲ ਤੋਂ ਸ਼ੁਰੂ ਹੋਇਆ ਸੈਸ਼ਨ

ਪੰਜਾਬ ਦੇ ਸਰਕਾਰੀ ਸਕੂਲਾਂ ’ਚ 6 ਅਪ੍ਰੈਲ ਤੋਂ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਹਰ ਸਾਲ 1 ਅਪ੍ਰੈਲ ਤੋਂ ਦਾਖ਼ਲੇ ਤੇ ਪਡ਼੍ਹਾਈ ਦੇ ਕੰਮ ਆਰੰਭ ਹੋ ਜਾਂਦੇ ਰਹੇ ਹਨ ਪਰ ਇਸ ਸਾਲ ਸਰਕਾਰ ਨੇ 23 ਮਾਰਚ ਦੀ ਛੁੱਟੀ ਕਰ ਦਿੱਤੀ ਜਿਸ ਕਰਕੇ ਚੱਲ ਰਹੀਆਂ ਪ੍ਰੀਖਿਆਵਾਂ ਦਾ ਇਕ ਪਰਚਾ ਅਪ੍ਰੈਲ ਮਹੀਨੇ ’ਚ ਲੈਣਾ ਪਿਆ ਤੇ ਨਤੀਜਾ ਵੀ 5 ਅਪ੍ਰੈਲ ਨੂੰ ਨਿਕਲਿ਼ਆ। ਜੇਕਰ 6 ਅਪ੍ਰੈਲ ਨੂੰ ਵੀ ਸੈਸ਼ਨ ਸ਼ੁਰੂ ਹੋਇਆ ਹੈ ਤਾਂ ਵੀ ਹੁਣ ਤਕ ਕਿਤਾਬਾਂ ਦਾ ਸਪਲਾਈ ਦਾ ਕੰਮ ਸ਼ੁਰੂ ਹੋਣਾਂ ਚਾਹੀਦਾ ਹੀ, ਨਿਯਮਾਂ ਇਹ ਕਹਿੰਦੇ ਹਨ ਕਿ ਵਿਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੇ ਬਸਤਿਆਂ ’ਚ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ ਪਰ ਹੁਣ ਸੈਸ਼ਨ ਸ਼ੁਰੂ ਹੋਇਆਂ ਵੀ 8 ਦਿਨ ਬੀਤ ਗਏ ਪਰ ਕਿਤਾਬਾਂ ਨਸੀਬ ਨਹੀਂ ਹੋਈਆਂ।

2 ਕਰੋਡ਼ ਕਿਤਾਬਾਂ ਛਾਪ ਰਹੇ ਹਨ 40 ਪ੍ਰਕਾਸ਼ਕ

ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੋਂ ਇਲਾਵਾ ਨੋਇਡਾ ਵਰਗੇ ਸ਼ਹਿਰਾਂ ਦੇ 40 ਪ੍ਰਕਾਸ਼ਕ ਕਿਤਾਬਾਂ ਦੀ ਛਪਾਈ ਦਾ ਕੰਮ ਕਰ ਰਹੇ ਹਨ। ਸਾਲ 2022-23 ਵਾਸਤੇ 2 ਕਰੋਡ਼ ਤੋਂ ਵਧੇਰੇ ਕਿਤਾਬਾਂ ਦੇ 190 ਟਾਈਟਲਾਂ ਛਪਾਈ ਹੋਣੀ ਹੈ ਜਿਨ੍ਹਾਂ ਵਿਚੋਂ 50 ਲੱਖ ਕਿਤਾਬਾਂ ਸੇਲ ਤੇ 1.5 ਕਰੋਡ਼ ਕਿਤਾਬਾਂ ਸਰਕਾਰੀ ਸਕੂਲਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਛਪਾਈ ਵਾਸਤੇ 600 ਟਨ ਪੇਪਰ ਦੀ ਖ਼ਰੀਦ ਕੀਤੀ ਗਈ ਹੈ ਤੇ ਪ੍ਰਕਾਸ਼ਨ ’ਤੇ 85 ਤੋਂ 90 ਕਰੋਡ਼ ਰੁਪਏ ਦੀ ਲਾਗਤ ਆਵੇਗੀ। ਪਤਾ ਚੱਲਿਆ ਹੈ ਕਿ ਇਸ ਵਾਰ ਚੋਣ ਜ਼ਾਬਤੇ ਕਰਕੇ ਟੈਂਡਰਿੰਗ ਦਾ ਕੰਮ ਦੇਰੀ ਨਾ ਹੋਇਆ ਜਿਸ ਕਰਕੇ ਛਪਾਈ ਦਾ ਕੰਮ ਲੇਟ ਹੋ ਗਿਆ ਜਿਸ ਕਰਕੇ ਹਾਲੇ ਤਕ ਕਿਤਾਬਾਂ ਸਪਲਾਈ ਨਹੀਂ ਹੋ ਸਕੀਆਂ।

20 ਤਕ ਦੇਵਾਂਗੇ ਕਿਤਾਬਾਂ

ਬੈਠਕ ਕੀਤੀ ਹੈ ਕਿਤਾਬਾਂ ਦੀ ਛਪਾਈ ਚੱਲ ਰਹੀ ਹੈ। ਅਸੀਂ 20 ਫ਼ੀਸਦੀ ਕਿਤਾਬਾਂ ਸਪਲਾਈ ਵੀ ਕਰ ਦਿੱਤੀਆਂ ਹਨ ਅਗਲੇ ਦੋ ਦਿਨ ਛੁੱਟੀਆਂ ਵਿਚ ਵੀ ਕੰਮ ਜਾਰੀ ਰਹੇਗਾ। ਅਸਲ ’ਚ ਪ੍ਰੀਖਿਆਵਾਂ ਨਾਲ ਚੱਲ ਰਹੀਆਂ ਜਿਸ ਕਰਕੇ ਕੰਮ ’ਚ ਦੇਰੀ ਹੋ ਗਈ ਪਰ ਅਸੀਂ 20 ਅਪ੍ਰੈਲ ਤਕ 80 ਫ਼ੀਸਦੀ ਤਕ ਕਿਤਾਬਾਂ ਤਕ ਪੁੱਜਦੀਆਂ ਕਰ ਦੇਵਾਂਗੇ। ਅਸੀਂ 1.5 ਕਰੋਡ਼ ਕਿਤਾਬਾਂ ਸਰਵ ਸਿੱਖਿਆ ਅਭਿਆਨ ਸੁਸਾਇਟੀ ਨੂੰ ਦੇਣੀਆਂ ਹਨ ਸਕੂਲਾਂ ’ਚ ਸਪਲਾਈ ਕਰਨ ਦਾ ਜ਼ਿੰਮਾ ਵੀ ਉਨ੍ਹਾਂ ਦਾ ਹੀ ਹੈ।

Share This :

Leave a Reply