ਕਾਬੁਲ (ਮੀਡੀਆ ਬਿਊਰੋ): ਅਫ਼ਗਾਨਿਸਤਾਨ ‘ਚ ਤਾਲਿਬਾਨੀ ਅੱਤਵਾਦੀ ਹੁਣ ਸੁਰੱਖਿਆ ਦਸਤਿਆਂ ਨਾਲ ਆਹਮੋ-ਸਾਹਮਣੇ ਸੰਘਰਸ਼ ਕਰ ਰਹੇ ਹਨ। ਅਫ਼ਗਾਨ ਫ਼ੌਜ ਨੇ ਪਿਛਲੇ 24 ਘੰਟਿਆਂ ਦੌਰਾਨ ਤਾਲਿਬਾਨ ਦੇ 100 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਰੱਖਿਆ ਮੰਤਰਾਲੇ ਮੁਤਾਬਕ, ਅੱਤਵਾਦੀ ਕਈ ਥਾਵਾਂ ‘ਤੇ ਖ਼ਤਰਨਾਕ ਬਾਰੂਦੀ ਸੁਰੰਗਾਂ ਵੀ ਲਾ ਰਹੇ ਹਨ, ਸੁਰੱਖਿਆ ਦਸਤਿਆਂ ਲਈ ਸਾਰਿਆਂ ਨੂੰ ਨਾਕਾਰਾ ਕਰਨਾ ਚੁਣੌਤੀ ਬਣਿਆ ਹੋਇਆ ਹੈ।
ਹੁਣ ਤਕ 35 ਤਰ੍ਹਾਂ ਦੀਆਂ ਬਾਰੂਦੀ ਸੁਰੰਗਾਂ ਨੂੰ ਨਾਕਾਰਾ ਕੀਤਾ ਗਿਆ ਹੈ। ਸੁਰੱਖਿਆ ਦਸਤਿਆਂ ਦੇ ਆਪ੍ਰਰੇਸ਼ਨ ‘ਚ 50 ਤੋਂ ਜ਼ਿਆਦਾ ਅੱਤਵਾਦੀ ਜ਼ਖਮੀ ਹੋਏ ਹਨ, ਉਨ੍ਹਾਂ ਤੋਂ ਕਾਫ਼ੀ ਗਿਣਤੀ ‘ਚ ਹਥਿਆਰ ਤੇ ਗੋਲ਼ਾ-ਬਾਰੂਦ ਵੀ ਮਿਲਿਆ ਹੈ। ਸੁਰੱਖਿਆ ਦਸਤਿਆਂ ਦਾ ਇਹ ਆਪ੍ਰੇਸ਼ਨ ਹੇਰਾਤ, ਗਜ਼ਨੀ, ਲਘਮਨ, ਹੇਲਮੰਦ, ਜਾਬੁਲ ਆਦਿ ਥਾਵਾਂ ‘ਤੇ ਚੱਲਿਆ।
ਅਫ਼ਗਾਨਿਸਤਾਨ ‘ਚ ਹਾਲੀਆ ਹਿੰਸਾ ਦਾ ਦੌਰ ਤੇਜ਼ ਹੋ ਗਿਆ ਹੈ। ਅਮਰੀਕਾ ਤੇ ਨਾਟੋ ਫ਼ੌਜ ਦੀ ਵਾਪਸੀ ਤੋਂ ਪਹਿਲਾਂ ਹੀ ਤਾਲਿਬਾਨ ਤੇ ਹੋਰ ਅੱਤਵਾਦੀ ਜਥੇਬੰਦੀਆਂ ਅਫ਼ਗਾਨਿਸਤਾਨ ਦੀ ਸਰਕਾਰ ‘ਤੇ ਪੂਰਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤਾਲਿਬਾਨ ਨੇ ਦੇਸ਼ ਦੀਆਂ ਕਈ ਥਾਵਾਂ ‘ਤੇ ਅਫ਼ਗਾਨ ਫ਼ੌਜ ਦੀ ਸੁਰੱਖਿਆ ਚੌਕੀਆਂ ਤੇ ਕਾਫਲੇ ‘ਤੇ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।