
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸ਼ਿਕਾਗੋ (ਅਮਰੀਕਾ) ਦੇ ਓ ਹੇਅਰ ਕੌਮਾਂਤਰੀ ਹਵਾਈ ਅੱਡੇ ਉਪਰ 3 ਮਹੀਨੇ ਗੈਰ ਕਾਨੂੰਨੀ ਢੰਗ ਨਾਲ ਬਿਤਾਉਣ ਵਾਲੇ ਭਾਰਤੀ ਨਾਗਰਿਕ ਅਦਿਤਿਆ ਸਿੰਘ ਨੂੰ ਜੱਜ ਨੇ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਹੈ। ਅਦਿਤਿਆ ਸਿੰਘ ਵਿਰੁੱਧ ਦੋਸ਼ ਲਾਏ ਗਏ ਸਨ ਕਿ ਉਹ ਭਾਰਤ ਜਾਣ ਦੀ ਬਜਾਏ ਆਪਣੀ ਗਿਣੀਮਿੱਥੀ ਯੋਜਨਾ ਅਨੁਸਾਰ 3 ਮਹੀਨੇ ਹਵਾਈ ਅੱਡੇ ਉਪਰ ਹੀ ਇਕ ਘੁਸਪੈਠੀਏ ਦੀ ਤਰਾਂ ਗੈਰ ਕਾਨੂੰਨੀ ਤੌਰ ‘ਤੇ ਟਿਕਿਆ ਰਿਹਾ। ਕੁੱਕ ਕਾਊਂਟੀ ਦੇ ਜੱਜ ਐਡਰੀਨ ਡੇਵਿਸ ਨੇ ਅਦਿਤਿਆ ਦੇ ਵਕੀਲ ਕੋਲ ਆਪਣੇ ਮੁਵੱਕਲ ਦੇ ਹੱਕ ਵਿਚ ਬਹੁਤ ਕੁਝ ਕਹਿਣ ਲਈ ਨਾ ਹੋਣ ਦੇ ਬਾਵਜੂਦ ਅਦਿਤਿਆ ਸਿੰਘ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ। 37 ਸਾਲਾ ਅਦਿਤਿਆ ਸਿੰਘ ਇਸ ਹਫਤੇ ਮੁੜ ਅਦਾਲਤ ਵਿਚ ਪੇਸ਼ ਹੋਵੇਗਾ ਜਿਥੇ ਉਸ ਵਿਰੁੱਧ ਨਿੱਜੀ ਮੁਚੱਲਕੇ ਉਪਰ ਰਿਹਾਈ ਦੌਰਾਨ ਇਲੈਕਟ੍ਰਾਨਿਕ ਨਿਗਰਾਨੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਸੁਣਵਾਈ ਹੋਵੇਗੀ। ਅਦਿਤਿਆ ਸਿੰਘ ਤਕਰੀਬਨ 6 ਸਾਲ ਪਹਿਲਾਂ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਆਇਆ ਸੀ। ਉਹ ਓਰੇਂਜ, ਕੈਲੀਫੋਰਨੀਆ ਵਿਚ ਰਹਿੰਦਾ ਸੀ। ਪਿਛਲੇ ਸਾਲ ਅਕਤੂਬਰ ਵਿਚ ਉਹ ਭਾਰਤ ਜਾਣ ਲਈ ਲਾਸ ਏਂਜਲਸ ਤੋਂ ਸ਼ਿਕਾਗੋ ਜਾਣ ਵਾਲੀ ਉਡਾਨ ਵਿਚ ਸਵਾਰ ਹੋਇਆ ਸੀ।
ਪਰੰਤੂ ਇਸ ਸਾਲ ਜਨਵਰੀ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਹਵਾਈ ਅੱਡੇ ਦੇ ਮੁਲਾਜ਼ਮਾਂ ਵਾਂਗ ਬੈਜ ਲਗਾ ਕੇ ਘੁੰਮਦਾ ਰਿਹਾ ਜਿਸ ਬੈਜ ਦੇ ਲਾਪਤਾ ਹੋਣ ਬਾਰੇ ਹਵਾਈ ਅੱਡੇ ਦੇ ਆਪਰੇਸ਼ਨ ਮੈਨੇਜਰ ਨੇ ਰਿਪੋਰਟ ਵੀ ਲਿਖਵਾਈ ਸੀ। ਉਸ ਨੇ ਪੁਲਿਸ ਨੂੰ ਦਸਿਆ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਉਹ ਡਰ ਗਿਆ ਸੀ ਤੇ ਉਹ ਹਵਾਈ ਜਹਾਜ਼ ਵਿਚ ਸਫਰ ਨਹੀਂ ਕਰਨਾ ਚਹੁੰਦਾ ਸੀ। ਉਹ 3 ਮਹੀਨੇ ਅਜ਼ਨਬੀ ਲੋਕਾਂ ਕੋਲੋਂ ਖਾਣਾ ਲੈ ਕੇ ਖਾਂਦਾ ਰਿਹਾ। ਉਸ ਨੇ ਆਪਣੀ ਇਕ ਮਿੱਤਰ ਕੁੜੀ ਨੂੰ ਇਕ ਸੁਨੇਹੇ ਵਿਚ ਲਿਖਿਆ ਸੀ ਕਿ ”ਉਹ ਹਵਾਈ ਅੱਡੇ ਉਪਰ ਬੁੱਧ ਤੇ ਹਿੰਦੂ ਧਰਮ ਦੇ ਲੋਕਾਂ ਨਾਲ ਗੱਲਬਾਤ ਕਰਕੇ ਆਨੰਦ ਨਾਲ ਰਹਿ ਰਿਹਾ ਹੈ। ਮੈ ਇਸ ਤਜ਼ਰਬੇ ਨਾਲ ਅਧਿਆਤਮਿਕ ਤੌਰ ‘ਤੇ ਮਜ਼ਬੂਤ ਹੋਇਆ ਹਾਂ।”