‘ਕਿਸਾਨੀ ਘੋਲ ਨੂੰ ਸਮਰਪਿਤ ਹੋਵੇਗਾ ਅੱਚਰਵਾਲ ਦਾ 29ਵਾਂ ਯਾਦਗਾਰੀ ਸਮਾਗਮ’

ਚੰਡੀਗੜ੍ਹ (ਮੀਡੀਆ ਬਿਊਰੋ) ਪਿੰਡ ਅੱਚਰਵਾਲ (ਲੁਧਿਆਣਾ) ਵਿਖੇ ਹਰ ਸਾਲ ਕੂਕਾ ਲਹਿਰ, ਗ਼ਦਰ ਲਹਿਰ ਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਸ਼ਹੀਦ ਅਮਰ ਸਿੰਘ ਅੱਚਰਵਾਲ ਦੀ ਯਾਦ ‘ਚ ਲੱਗਦੇ ਦੇਸ਼ ਭਗਤਾਂ ਦੇ ਮੇਲੇ ਦੀ ਸੰਚਾਲਕ ਦੇਸ਼ ਭਗਤ ਯਾਦਗਾਰ ਕਮੇਟੀ, ਅੱਚਰਵਾਲ ਦੇ ਵਫ਼ਦ ਦਾ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਨੂੰ ਮੇਲੇ ‘ਚ ਸ਼ਾਮਲ ਹੋਣ ਸੱਦਾ ਪੱਤਰ ਦੇਣ ਲਈ ਪੁੱਜਾ। ਅੱਚਰਵਾਲ ਤੋਂ ਆਏ ਵਫ਼ਦ ਵਿਚ ਚਮਕੌਰ ਸਿੰਘ, ਸੋਨੂ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਤਾਰਾ ਤੇ ਸੰਦੀਪ ਸਿੰਘ ਸ਼ਾਮਲ ਸਨ। ਲਾਇਬ੍ਰੇਰੀ, ਮਿਊਜ਼ੀਅਮ ਦੇਖਣ ਉਪਰੰਤ ਵਫ਼ਦ ਨਾਲ ਇਤਿਹਾਸ ਤੇ ਭਖ਼ਦੇ ਮੁੱਦਿਆਂ ‘ਤੇ ਦੁਵੱਲੀ ਵਿਚਾਰ-ਚਰਚਾ ਹੋਈ।

ਵਫ਼ਦ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ੍ਹ ਇਸ ਵਾਰ 12 ਸਤੰਬਰ ਨੂੰ ਅੱਚਰਵਾਲ ‘ਚ ਹੋ ਰਿਹਾ 29ਵਾਂ ਯਾਦਗਾਰੀ ਸਮਾਗਮ, ਕਿਸਾਨ ਘੋਲ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਵਫ਼ਦ ਨੇ ਦੱਸਿਆ 31 ਅਕਤੂਬਰ ਤੇ 1 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ‘ਚ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਯਾਦ ਕਰਦਿਆਂ ਕਿਸਾਨ ਘੋਲ ਨੂੰ ਸਮਰਪਤ ਗ਼ਦਰੀ ਬਾਬਿਆਂ ਦੇ ਮੇਲੇ ‘ਚ ਵੀ ਦੇਸ਼ ਭਗਤ ਯਾਦਗਾਰ ਕਮੇਟੀ ਤੇ ਅੱਚਰਵਾਲ ਕਾਫ਼ਲਾ ਲੈ ਕੇ ਸ਼ਾਮਲ ਹੋਵੇਗੀ। ਅੱਚਰਵਾਲ ਤੋਂ ਆਏ ਵਫ਼ਦ ਦਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਵਿੱਤ ਸਕੱਤਰ ਰਣਜੀਤ ਸਿੰਘ ਅੌਲਖ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪੁਸਤਕਾਂ ਦੇ ਸੈੱਟ ਭੇਟ ਕੀਤੇ।

Share This :

Leave a Reply