ਡੇਢ ਕਿੱਲੋ ਹੈਰੋਇਨ ਤੇ 50 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਮੁਲਜ਼ਮ ਗ੍ਰਿਫ਼ਤਾਰ

ਫਿਰੋਜ਼ਪੁਰ, ਮੀਡੀਆ ਬਿਊਰੋ:

ਗ਼ੈਰ-ਸਮਾਜੀ ਅਨਸਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਇਕ ਸਮੱਗਲਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਇੱਕ ਕਿਲੋ 574 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ, ਮੁੱਖ ਚੋਣ ਅਫਸਰ ਪੰਜਾਬ ਅਤੇ ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਇਲੈਕਸ਼ਨ ਦੇ ਸਬੰਧ ਵਿਚ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਟੀਮ ਵੱਲੋਂ ਮੁਖ਼ਬਰੀ ਮੁਤਾਬਿਕ ਪਿੰਡ ਬਾਰੇ ਕੇ ਨਜ਼ਦੀਕ ਛਾਪੇਮਾਰੀ ਕਰਕੇ ਦੋਸ਼ੀ ਰਵਿੰਦਰ ਸਿੰਘ ਪੁੱਤਰ ਟੇਕ ਚੰਦ ਪਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਮੌਕੇ ’ਤੇ 859 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਨੰਬਰ 45 ਮਿਤੀ 1 ਮਾਰਚ 2022 ਅ/ਧ ਐੱਨਡੀਪੀਐੱਸ ਐਕਟ ਥਾਣਾ ਸਦਰ ਫਿਰੋਜ਼ਪੁਰ ਦਰਜ ਕਰਵਾਇਆ ਗਿਆ।

ਮੁੱਢਲੀ ਤਫਤੀਸ਼ ਦੌਰਾਨ ਮੁਲਜ਼ਮ ਰਵਿੰਦਰ ਸਿੰਘ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਸ਼ਿਵਾ ਅਤੇ ਅਨਮੋਲ ਉਰਫ ਕਾਲਾ ਪੁੱਤਰਾਨ ਸਰੂਪ ਵਾਸੀਅਨ ਪਿੰਡ ਬਾਰੇ ਕੇ ਆਪਸ ਵਿਚ ਮਿਲ ਕੇ ਬਾਰਡਰ ਪਾਰ ਪਾਕਿਸਤਾਨ ਦੇ ਸਮਗਲਰਾਂ ਤੋਂ ਹੈਰੋਇਨ ਮੰਗਵਾ ਕੇ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਤਿੰਨਾਂ ਨੇ ਆਪਸ ਵਿਚ ਮਿਲ ਕੇ ਹੋਰ ਵੀ ਹੈਰੋਇਨ ਅਤੇ ਉਸ ਦੇ ਨਾਲ ਪਹਿਲਾਂ ਤੋਂ ਵੇਚੀ ਗਈ ਹੈਰੋਇਨ ਦੀ ਵੱਟਤ ਦੇ ਪੈਸੇ ਇਕੱਠੇ ਕਰਕੇ ਸ਼ਿਵਾ ਅਤੇ ਅਨਮੋਲ ਉਰਫ ਕਾਲੀ ਦੇ ਰਿਹਾਇਸ਼ੀ ਮਕਾਨ ਵਿਚ ਇਕ ਤਰਫ ਜ਼ਮੀਨ ਵਿਚ ਦੱਬ ਕੇ ਲੁਕਾ ਛੁਪਾ ਕੇ ਰੱਖੇ ਹੋਏ ਹਨ।

ਜਿਸ ਬਾਰੇ ਉਸ ਨੂੰ, ਸ਼ਿਵਾ ਅਤੇ ਅਨਮੋਲ ਉਰਫ ਕਾਲੀ ਨੂੰ ਹੀ ਪਤਾ ਹੈ। ਇਸ ‘ਤੇ ਐੱਸਆਈ ਤਾਰਾ ਸਿੰਘ ਵੱਲੋਂ ਮੁਲਜ਼ਮ ਰਵਿੰਦਰ ਸਿੰਘ ਉਕਤ ਵੱਲੋਂ ਕੀਤੇ ਇੰਕਸਾਫ ਮੁਤਾਬਿਕ ਸ਼ਿਵਾ ਅਤੇ ਅਨਮੋਲ ਉਰਫ ਕਾਲੀ ਉਕਤਾਨ ਦੇ ਘਰ ਛਾਪੇਮਾਰੀ ਕੀਤੀ ਗਈ, ਪਰ ਸ਼ਿਵਾ ਅਤੇ ਅਨਮੋਲ ਉਰਫ ਕਾਲੀ ਦੋਵੇਂ ਘਰ ਵਿਚ ਹਾਜ਼ਰ ਨਹੀਂ ਮਿਲੇ, ਜਿਥੇ ਦੋਸ਼ੀ ਰਵਿੰਦਰ ਸਿੰਘ ਉਕਤ ਵੱਲੋਂ ਆਪਣੀ ਨਿਸ਼ਾਨਦੇਹੀ ‘ਤੇ ਤਿੰਨਾਂ ਵੱਲੋਂ ਪਹਿਲਾਂ ਤੋਂ ਦਬਾ ਕੇ ਰੱਖੀ ਗਈ 715 ਗ੍ਰਾਮ ਹੈਰੋਇਨ ਅਤੇ ਇਨ੍ਹਾਂ ਵੱਲੋਂ ਪਹਿਲੋਂ ਵੇਚੀ ਹੈਰੋਇਨ ਦੀ ਵੱਟਤ ਦੇ 50 ਹਜ਼ਾਰ ਰੁਪਏ ਬਰਾਮਦ ਕਰਵਾਏ। ਜ਼ਿਲ੍ਹਾ ਪੁਲਿਸ ਮੁਖੀ ਡਾ ਨਰਿੰਦਰ ਭਾਰਗਵ ਨੇ ਦੱਸਿਆ ਕਿ ਰਹਿੰਦੇ ਮੁਲਜ਼ਮ ਸ਼ਿਵਾ ਅਤੇ ਅਨਮੋਲ ਉਰਫ ਕਾਲੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਮੁਕੱਦਮਾ ਵਿਚ ਕੁੱਲ 1 ਕਿਲੋ 574 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋ ਚੁੱਕੀ ਹੈ। ਮੁਲਜ਼ਮ ਰਵਿੰਦਰ ਸਿੰਘ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

Share This :

Leave a Reply