ਸੁਨਾਮ, ਮੀਡੀਆ ਬਿਊਰੋ: ਸੋਮਵਾਰ ਸਵੇਰੇ ਸੁਨਾਮ ਸ਼ਹਿਰ ਦੀਆਂ ਬਰੂਹਾਂ ‘ਤੇ ਮਾਨਸਾ – ਬਠਿੰਡਾ ਸੜਕ ’ਤੇ ਸਥਿਤ ਗੁੱਝਾ ਪੀਰ ਬਸਤੀ ਨੇੜੇ ਬੱਸ ਅਤੇ ਕਾਰ ਦੀ ਹੋਈ ਟੱਕਰ ’ਚ ਦੋ ਔਰਤਾਂ ਸਮੇਤ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਕਾਲਬੰਨਜਾਰਾ ਦਾ ਇਕ ਪਰਿਵਾਰ ਕਾਰ ’ਤੇ ਭੀਖੀ ਜਾ ਰਿਹਾ ਸੀ ਜਿਉਂ ਹੀ ਕਾਰ ਚਾਲਕ ਵੱਲੋਂ ਸੁਨਾਮ-ਮਾਨਸਾ ਸੜਕ ’ਤੇ ਸਥਿਤ ਸਥਾਨਕ ਗੁੱਝਾ ਪੀਰ ਬਸਤੀ ਨੇੜੇ ਇਕ ਪੈਟਰੋਲ ਪੰਪ ਤੋਂ ਤੇਲ ਪਵਾਉਣ ਉਪਰੰਤ ਕਾਰ ਨੂੰ ਥੋੜ੍ਹਾ ਅੱਗੇ ਜਾ ਕੇ ਸੜਕ ‘ਤੇ ਚਾੜ੍ਹਿਆ ਤਾਂ ਅੱਗਿਓਂ ਆ ਰਹੀ ਇਕ ਬੱਸ ਨਾਲ ਕਾਰ ਦੀ ਟੱਕਰ ਹੋ ਗਈ।
ਜਿਸ ਕਾਰਨ ਕਾਰ ’ਚ ਸਵਾਰ ਸਤਵੰਤ ਸਿੰਘ ਪੁੱਤਰ ਸੁਖਦੇਵ ਸਿੰਘ, ਉਨ੍ਹਾਂ ਦੀ ਪਤਨੀ ਰਛਪਾਲ ਕੌਰ ਅਤੇ ਕਿਰਨਜੀਤ ਕੌਰ ਪਤਨੀ ਸਿਮਰਜੀਤ ਸਿੰਘ ਤਿੰਨੋਂ ਵਾਸੀ ਕਾਲਬੰਨਜਾਰਾ ਗੰਭੀਰ ਜਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।






















