ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਵੇਲਜ ਦੇ ਇੱਕ ਸਮੁੰਦਰੀ ਕੰਢੇ ‘ਤੇ 6 ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਤਕਰੀਬਨ 200 ਪਿੰਜਰ ਕਬਰਾਂ ‘ਚੋਂ ਪ੍ਰਾਪਤ ਹੋਏ ਹਨ। ਵੇਲਜ਼ ਦੇ ਸਮੁੰਦਰੀ ਕੰਢੇ ‘ਤੇ ਮੱਧਕਾਲੀਨ ਯੁੱਗ ਦੀ ਇਹ ਮੁਰਦੇ ਦਫ਼ਨਾਉਣ ਵਾਲੀ ਜਗ੍ਹਾ ਰੇਤ ਵਿੱਚ 1000 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਛੁਪੀ ਰਹੀ ਅਤੇ ਇਹ ਤੂਫਾਨੀ ਮੌਸਮ ਦੇ ਕਾਰਨ ਸਾਹਮਣੇ ਆਈ। ਪੁਰਾਤੱਤਵ ਵਿਗਿਆਨੀਆਂ ਦੁਆਰਾ ਪੈਮਬਰੋਕਸ਼ਾਇਰ ਵਿੱਚ ਸੇਂਟ ਡੇਵਿਡਜ਼ ਦੇ ਨੇੜੇ ਬਲਿਊ ਫਲੈਗ ਬੀਚ ਵ੍ਹਾਈਟਸੈਂਡ ਬੇ ‘ਤੇ ਰੇਤ ਦੇ ਟਿੱਲੇ ਹੇਠਾਂ ਕਬਰਾਂ ਦੀ ਖੋਜ ਕੀਤੀ। ਮਾਹਿਰਾਂ ਅਨੁਸਾਰ ਇਹ ਪਿੰਜਰ ਮੁੱਢਲੇ ਈਸਾਈ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧਤ ਹੋ ਸਕਦੇ ਹਨ। ਡਾਈਫਡ ਪੁਰਾਤੱਤਵ ਟਰੱਸਟ ਅਤੇ ਸ਼ੈਫੀਲਡ ਯੂਨੀਵਰਸਿਟੀ ਦੀ ਇੱਕ ਟੀਮ ਇਸ ਸਥਾਨ ਨੂੰ ਖਤਮ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਹੈ, ਜਿਸ ਨਾਲ ਇਹ ਪਤਾ ਲੱਗੇ ਕਿ ਰੇਤ ਦੇ ਟਿੱਲੇ ਵਿੱਚ ਹੋਰ ਕਿਹੜੇ ਰਾਜ਼ ਛੁਪੇ ਹਨ।
ਸ਼ੈਫੀਲਡ ਯੂਨੀਵਰਸਿਟੀ ਦੇ ਮਾਹਿਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ ਅਵਸ਼ੇਸ਼ ਪੁਰਸ਼ਾਂ, ਔਰਤਾਂ ਅਤੇ ਹਰ ਉਮਰ ਦੇ ਬੱਚਿਆਂ ਦੇ ਹਨ। ਮੱਧਯੁਗ ਦੇ ਸਮੇਂ ਦੌਰਾਨ ਪੱਛਮੀ ਬ੍ਰਿਟੇਨ ਵਿੱਚ ਚਲਾਈ ਜਾ ਰਹੀ ਇੱਕ ਆਮ ਮੁਰਦੇ ਦਫਨਾਉਣ ਵਾਲੀ ਪਰੰਪਰਾ ਦੇ ਅਨੁਸਾਰ ਕੁੱਝ ਕਬਰਾਂ ਨੂੰ ਪੱਥਰ ਦੀਆਂ ਸਲੈਬਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਢਕਿਆ ਹੋਇਆ ਹੈ। ਪੱਥਰਾਂ ਦੇ ਢੇਰ ਨੂੰ ਸਮਾਰਕ ਵਜੋਂ ਵਰਤੇ ਜਾਣ ਤੋਂ ਇਹ ਲੱਗਦਾ ਸੀ ਕਿ ਇਹ ਕਾਂਸੀ ਯੁੱਗ ਨਾਲ ਸਬੰਧਤ ਹਨ ਪਰ ਬਾਅਦ ਵਿੱਚ ਰੇਡੀਓ ਕਾਰਬਨ ਦੁਆਰਾ ਦਰਸਾਇਆ ਗਿਆ, ਇਸ ਦੀ ਵਰਤੋਂ 6 ਵੀਂ ਅਤੇ 11 ਵੀਂ ਸਦੀ ਦੇ ਵਿਚਕਾਰ ਕੀਤੀ ਗਈ ਸੀ। ਇਸਦੇ ਇਲਾਵਾ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਇਹਨਾਂ ਅਵਸ਼ੇਸ਼ਾਂ ਦੀ ਸਬੰਧੀ ਵਿਗਿਆਨੀ ਇਹਨਾਂ ਲੋਕਾਂ ਨੇ ਕੀ ਖਾਧਾ ਅਤੇ ਉਨ੍ਹਾਂ ਦੇ ਜਨਮ ਦੇ ਸਾਲ ਬਾਰੇ ਵੀ ਨਿਰਧਾਰਤ ਕਰ ਸਕਦੇ ਹਨ।