ਚੰਡੀਗੜ੍ਹ, ਮੀਡੀਆ ਬੀਊਰੋ:
ਪੰਜਾਬ ‘ਚ AAP ਦੀ ਸਰਕਾਰ ਬਣਨ ‘ਤੇ ਬਦਲਾਅ ਦੀ ਲਹਿਰ ਵਗਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਬੀਤੇ ਦਿਨੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਲਈ ਕੀਤੇ ਵੱਡੇ ਐਲਾਨ ਤੋਂ ਬਾਅਦ ਬਹੁਤ ਸਾਰੇ ਤਹਿਸੀਲ ਦਫ਼ਤਰਾਂ ‘ਚ ਤਹਿਸੀਲਦਾਰਾਂ ਨੇ ਖ਼ੁਦ ਐਲਾਨ ਕਰ ਦਿੱਤਾ ਕਿ ਜੇਕਰ ਉਨ੍ਹਾਂ ਦੇ ਨਾਂ ‘ਤੇ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਦੇ ਧਿਆਨ ‘ਚ ਮਾਮਲਾ ਲਿਆਂਦਾ ਜਾਵੇ। ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਮਹਿਕਮੇ ‘ਚ ਅਧਿਕਾਰੀਆਂ ਵੱਲੋਂ ਆਪਣੇ ਪੱਧਰ ‘ਤੇ ਇਸ ਤਰ੍ਹਾਂ ਐਲਾਨ ਕੀਤਾ ਗਿਆ ਹੈ।
ਦਰਅਸਲ ਭਗਵੰਤ ਮਾਨ ਨੇ ਬੀਤੇ ਦਿਨੀਂ ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਮਿਟਾਉਣ ਲਈ ਸਖ਼ਤ ਕਦਮ ਚੁੱਕਦਿਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ 23 ਮਾਰਚ ਨੂੰ ਵ੍ਹਟਸਐਪ ਨੰਬਰ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਨੰਬਰ ਰਾਹੀਂ ਜਨਤਾ ਉਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਤੇ ਗ਼ਲਤ ਕੰਮਾਂ ‘ਚ ਸ਼ਾਮਲ ਮੁਲਾਜ਼ਮਾਂ ਖਿਲਾਫ਼ ਸ਼ਿਕਾਇਤ ਕਰ ਸਕਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦੀ ਸਿੱਧੀ ਸੁਣਵਾਈ ਕਰੇਗੀ।