‘ਆਪ’ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਦੇ ਘਰ ਅੱਗੇ ਧਰਨਾ ਜਾਰੀ

ਮਲੋਟ, ਮੀਡੀਆ ਬਿਊਰੋ:

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਤੇ ਹਲਕਾ ਮਲੋਟ ਦੇ ਵਿਧਾਇਕ ਡਾ. ਬਲਜੀਤ ਕੌਰ ਦੇ ਘਰ ਅੱਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਧਰਨਾ ਲਗਾਤਾਰ ਜਾਰੀ ਹੈ। ਬੀਤੇ ਐਤਵਾਰ ਦੀ ਦੁਪਹਿਰ ਨੂੰ ਸ਼ੁਰੂ ਹੋਇਆ ਇਹ ਧਰਨਾ ਰਾਤ ਨੂੰ ਵੀ ਜਾਰੀ ਰਿਹਾ। ਕਰੀਬ ਡੇਢ ਦਰਜਨ ਵਰਕਰਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਨਜਦੀਕ ਕਰ ਲਿਆ ਹੈ ਜੋ ਵਿਧਾਨ ਸਭਾ ਚੋਣਾਂ ਦੇ ਦੌਰਾਨ ਹੀ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਸੀ। ਇਹ ਉਹੀ ਲੋਕ ਹਨ ਜੋ ਕਾਂਗਰਸ ਸਰਕਾਰ ਦੇ ਦੌਰਾਨ ਹਲਕੇ ਦੇ ਤਤਕਾਲੀਨ ਵਿਧਾਇਕ ਅਜਾਇਬ ਸਿੰਘ ਭੱਟੀ ਦੇ ਨਾਲ ਰਿਹਾ ਕਰਦੇ ਸਨ ਅਤੇ ਆਮ ਲੋਕਾਂ ਨੂੰ ਭੱਟੀ ਨਾਲ ਮਿਲਣ ਨਹੀਂ ਦਿੰਦੇ ਸੀ, ਉਹੀ ਲੋਕ ਹੁਣ ਡਾ. ਬਲਜੀਤ ਕੌਰ ਨੇੜੇ ਹੋ ਗਏ ਹਨ। ਇਨ੍ਹਾਂ ਕਾਰਨ ਸਾਲ 2014 ’ਚ ਪਾਰਟੀ ਦੇ ਨਾਲ ਜੁੜੇ ਹੋਏ ਅਤੇ ਡਾ. ਬਲਜੀਤ ਕੌਰ ਦੀ ਜਿੱਤ ਲਈ ਦਿਨ ਰਾਤ ਇਕ ਕਰਨ ਵਾਲੇ ਟਕਸਾਲੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਨੂੰ ਮਿਲਣ ਵਾਸਤੇ ਪਹਿਲਾਂ ਟੋਕਨ ਲੈਣ ਲਈ ਕਿਹਾ ਜਾਂਦਾ ਹੈ। ਫੋਨ ’ਤੇ ਵੀ ਗੱਲ ਨਹੀਂ ਕਰਵਾਈ ਜਾਂਦੀ। ਡਾ. ਬਲਜੀਤ ਕੌਰ ਵੱਲੋਂ ਵੀ ਇਨ੍ਹਾਂ ਹੀ ਨੇਤਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਧਰਨਾ ਲਗਾਉਣ ਦੇ ਬਾਅਦ ਹਾਲਾਂਕਿ ਡਾ. ਬਲਜੀਤ ਕੌਰ ਨੇ ਉਨ੍ਹਾਂ ਦੇ ਕੋਲ ਪਹੁੰਚ ਕੇ ਘਰ ਦੇ ਅੰਦਰ ਆਉਣ ਨੂੰ ਕਿਹਾ ਸੀ ਤਾਂ ਕਿ ਗੱਲ ਬਾਤ ਹੋ ਸਕੇ ਪਰ ਪ੍ਰਦਰਸ਼ਨਕਾਰੀ ਧਰਨੇ ’ਚ ਹੀ ਗੱਲ ਕਰਨ ਦੀ ਮੰਗ ’ਤੇ ਅੜ ਗਏ। ਡਾ. ਬਲਜੀਤ ਕੌਰ ਦੇ ਕਈ ਵਾਰ ਅੰਦਰ ਆਉਣ ਦੀ ਗੱਲ ਕਹਿਣ ਦੇ ਬਾਵਜੂਦ ਉਹ ਜਿੱਦ ’ਤੇ ਅੜੇ ਰਹੇ, ਜਿਸਤੋਂ ਬਾਅਦ ਕੈਬਨਿਟ ਮੰਤਰੀ ਅੰਦਰ ਚਲੀ ਗਈ।

ਧਰਨੇ ਦੀ ਅਗਵਾਈ ਕਰਨ ਵਾਲੇ ਤਿੰਨ ਆਗੂਆਂ ਨੂੰ ਕੀਤਾ ਸਸਪੈਂਡ

ਓਧਰ ਡਾ. ਬਲਜੀਤ ਕੌਰ ਦੇ ਘਰ ਅੱਗੇ ਟੈਂਟ ਲਗਾ ਕੇ ਲਗਾਤਾਰ ਧਰਨਾ ਦੇਣ ’ਤੇ ਆਮ ਆਦਮੀ ਪਾਰਟੀ ਦੇ ਤਿੰਨ ਨੇਤਾਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਮਲੋਟ ਦੇ ਬਲਾਕ ਪ੍ਰਧਾਨ ਰਾਜੀਵ ਉਪਲ, ਮਲੋਟ ਯੂਥ ਵਿੰਗ ਦੇ ਸਕੱਤਰ ਸਾਹਿਲ ਮੋਂਗਾ ਅਤੇ ਗੁਰਮੇਲ ਸਿੰਘ ਸ਼ਾਮਲ ਹਨ। ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਅਤੇ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਜਦਕਿ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਡਾ. ਬਲਜੀਤ ਕੌਰ ਵੱਲੋਂ ਉਨ੍ਹਾਂ ਨੂੰ ਵਾਰ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਆਪਣਾ ਕੋਈ ਮੰਗ ਪੱਤਰ ਵੀ ਨਹੀਂ ਦਿੱਤਾ। ਬਿਨਾ ਕਾਰਨ ਧਰਨਾ ਲਗਾ ਕੇ ਪਾਰਟੀ ਦੇ ਅਕਸ ਨੂੰ ਖਰਾਬ ਕੀਤਾ ਹੈ।

Share This :

Leave a Reply