ਆਪ ਵਰਕਰਾਂ ਨੇ ਕੈਪਟਨ ਸਰਕਾਰ ਦੇ ਪੁਤਲੇ ਫੂਕੇ

ਖੰਨਾ(ਪਰਮਜੀਤ ਸਿੰਘ ਧੀਮਾਨ) – ਪੰਜਾਬ ਦੇ ਐਸ. ਸੀ./ਐਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ ਕੀਤੇ ਘੁਟਾਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਲਲਹੇੜੀ ਰੋਡ ਚੌਂਕ ਵਿਖੇ ਗੁਰਦਰਸ਼ਨ ਸਿੰਘ ਕੂਹਲੀ ਦੀ ਅਗਵਾਈ ਹੇਠਾਂ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ ਅਤੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ। ਆਪ ਆਗੂਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਘੁਟਾਲੇ ’ਚ ਸ਼ਾਮਲ ਮੰਤਰੀਆਂ ਤੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇਸ ਮੌਕੇ ਆਪ ਵੱਲੋਂ ਦਲਿਤ ਵਿਦਿਆਰਥੀਆਂ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ, ਜਿਸ ਤੇ ਵਿਦਿਆਰਥੀ ਆਪਣੀ ਸਮੱਸਿਆ ਦਰਜ ਕਰਵਾ ਸਕਦੇ ਹਨ। ਸ੍ਰੀ ਕੂਹਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਸਿੱਖਿਆ ਪ੍ਰਣਾਲੀ ਵਿਚ ਵਿਕਾਸ ਕਰਨ ਦੇ ਦਮਗਜ਼ੇ ਮਾਰਦੇ ਫ਼ਿਰਦੇ ਹਨ, ਜਦੋਂ ਕਿ ਪੰਜਾਬ ਦੇ ਲੱਖ ਤੋਂ ਜ਼ਿਆਦਾ ਐਸਸੀ/ਐਸਟੀ ਵਿਦਿਆਰਥੀ ਪ੍ਰੀਖਿਆਵਾਂ ਨਹੀਂ ਦੇ ਸਕਦੇ। ਸਰਕਾਰ ਨੂੰ ਸ਼ਕਾਲਰਸ਼ਿਪ ਵਿਚ ਕੀਤੇ ਘੁਟਾਲੇ ਦੇ ਮੁੱਦੇ ਤੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਸ਼ਕਾਲਰਸ਼ਿਪ ਘੁਟਾਲੇ ਦੀ ਸੱਚਾਈ ਲੋਕਾਂ ਸਾਹਮਣੇ ਆ ਸਕੇ।

ਇਸ ਮੌਕੇ ਧਰਮਿੰਦਰ ਸਿੰਘ ਰੂਪਰਾਏ, ਅਨਿਲ ਦੱਤ ਫੱਲੀ, ਐਡਵੋਕੇਟ ਬਰਿੰਦਰ ਡੈਵਿਟ, ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ 2020-21 ਵਿੱਦਿਅਕ ਵਰ੍ਹੇ ਦੀ ਸਕਾਲਰਸ਼ਿਪ ਦੀ ਅੰਤਿਮ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ, ਪ੍ਰਤੂੰ ਕੇਂਦਰ ਤੇ ਸੂਬਾ ਸਰਕਾਰ ਦੀ ਖੇਡ ਵਿਚ ਬਾਕੀ ਦੇ ਤਿੰਨ ਸ਼ੈਸ਼ਨ ਦੇ ਬੱਚਿਆਂ ਦਾ ਭਵਿੱਖ ਅਜੇ ਵੀ ਦਾਅ ਤੇ ਲੱਗਿਆ ਹੋਇਆ ਹੈ, ਕਿਉਂਕਿ ਜੁਆਇੰਟ ਐਸੋਸ਼ੀਏਸ਼ਨ ਆਫ਼ ਕਾਲੇਜਿਸ ਨੇ ਆਪਣੇ ਪੱਖ ਸਪੱਸ਼ਟ ਕਰ ਦਿੱਤਾ ਹੈ ਕਿ ਬਾਕੀ ਸਾਲਾਂ ਦੀ ਬਕਾਇਆ ਰਾਸ਼ੀ ਕਾਰਨ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਨਹੀਂ ਕਰੇਗੀ।

ਆਪ ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਪੰਜਾਬ ਦੇ ਐਸਸੀ/ਐਸਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੁਰੰਤ ਜਾਰੀ ਕਰੇ ਅਤੇ ਇਸ ਵਿਚ ਘੁਟਾਲਾ ਕਰਨ ਵਾਲੇ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ ਅਤੇ ਅਧਿਕਾਰੀਆਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰੇ। ਇਸ ਮੌਕੇ ਲਛਮਣ ਸਿੰਘ ਗਰੇਵਾਲ, ਜਗਜੀਵਨ ਸਿੰਘ ਖੀਰਨੀਆਂ, ਰਜਿੰਦਰ ਸਿੰਘ ਸਵੈਚ, ਹਰਜਿੰਦਰ ਸਿੰਘ ਰਤਨਹੇੜੀ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਕੌਂਸਲਰ ਸੁਖਮਨਜੀਤ ਸਿੰਘ ਬਡਗੁੱਜਰ, ਰਾਜਵੀਰ ਸ਼ਰਮਾ, ਅਮਿਤ ਬਾਂਸਲ, ਨਰਿੰਦਰਪਾਲ ਸਿੰਘ ਬਾਜਵਾ, ਜਗਤਾਰ ਸਿੰਘ, ਕੁਲਦੀਪ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ, ਪਾਲ ਸਿੰਘ, ਦਰਸ਼ਨ ਸਿੰਘ, ਈਸ਼ਰ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ।

Share This :

Leave a Reply