ਚੰਡੀਗੜ੍ਹ (ਮੀਡੀਆ ਬਿਊਰੋ)ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਫਿਰੋਜਪੁਰ ਜਿਲਾ ਇਕਾਈ ਨੇ ਸ਼ੁੱਕਰਵਾਰ ਨੂੰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਗੁਰੂ ਹਰਸਹਾਏ ਸਥਿਤ ਪੁਸ਼ਤੈਨੀ ਘਰ ਦੇ ਬਾਹਰ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ‘ਆਪ’ ਆਗੂ ਅਤੇ ਵਲੰਟੀਅਰ ਰਾਣਾ ਸੋਢੀ ਉੱਤੇ ਮੋਹਨ ਕਾ ਉਤਾੜ ਜਮੀਨ ਉੱਪਰ ਸੋਢੀ ਪਰਿਵਾਰ ਵੱਲੋਂ ਵਾਰ-ਵਾਰ ਮੁਆਵਜਾ ਲੈਣ ਦੀ ਧੋਖਾਧੜੀ ਵਿਰੁੱਧ ਸੋਢੀ ਦੀ ਮੰਤਰੀ ਮੰਡਲ ‘ਚੋਂ ਛੁੱਟੀ ਅਤੇ ਮੁਕੱਦਮਾ ਦਰਜ਼ ਕਰਨ ਦੀ ਮੰਗ ਕਰ ਰਹੇ ਹਨ। ਚੌਖੀ ਗਿਣਤੀ ‘ਚ ਇਕੱਠੇ ਹੋਏ ‘ਆਪ’ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਕਾਂਗਰਸ, ਰਾਣਾ ਸੋਢੀ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਰਾਣਾ ਸੋਢੀ ਦਾ ਪੁਤਲਾ ਫੂਕਿਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਚੰਦ ਸਿੰਘ ਗਿੱਲ ਨੇ ਕਿਹਾ ਕਿ ਇਕ ਪਾਸੇ ਨੈਸ਼ਨਲ ਹਾਈਵੇਜ਼ ਅਧੀਨ ਅਕੁਵਾਇਰ ਹੋਈਆਂ ਆਪਣੀਆਂ ਜਮੀਨਾਂ ਦਾ ਬਣਦਾ ਮੁਆਵਜ਼ਾ ਲੈਣ ਲਈ ਮਾਲਕ ਕਿਸਾਨਾਂ ਨੂੰ ਪੱਕੇ ਧਰਨੇ ਲਗਾਉਣੇ ਪੈ ਰਹੇ ਹਨ, ਦੂਜੇ ਪਾਸੇ ਸੱਤਾ ਦਾ ਦੁਰਉਪਯੋਗ ਕਰਕੇ ਮੰਤਰੀ ਰਾਣਾ ਸੋਢੀ ਵਰਗੇ ਦੋ-ਦੋ ਵਾਰ ਮੁਆਵਜ਼ਾ ਲੈ ਕੇ ਤੀਜੀ ਵਾਰ ਫਿਰ ਮੁਆਵਜ਼ਾ ਲੈਣ ਲਈ ਫਿਰ ਗੁੰਢਤੁੱਪ ਕਰ ਰਹੇ ਹਨ। ਗਿੱਲ ਨੇ ਕਿਹਾ ਕਿ ਸੋਢੀ ਪਰਿਵਾਰ ਦੀ ਇਸ ਧੋਖਾਧੜੀ ਬਾਰੇ ਐਡਵੋਕੇਟ ਜਨਰਲ ਪੰਜਾਬ ਨੇ ਵੀ ਲਾਹਣਤਾ ਪਾਈਆਂ ਹਨ ਅਤੇ ਤੀਸਰੀ ਵਾਰ ਮੁਆਵਜਾ ਮੰਗਣ ਨੂੰ ਗਲਤ ਠਹਿਰਾਇਆ ਹੈ।
ਇਸ ਮੌਕੇ ਮਾਲਵਾ ਜੋਨ ਦੇ ਇੰਚਾਰਜ ਰਾਜਪਾਲ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਭ੍ਰਿਸ਼ਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹਲਕਾ ਗੁਰੂਹਰਸਹਾਏ ਦੇ ਲੋਕਾਂ ਨੇ ਚਾਰ ਵਾਰ ਵਿਧਾਇਕ ਬਣਾਇਆ ਪ੍ਰੰਤੂ ਲੋਕਾਂ ਦੀਆਂ ਉਮੀਦਾਂ ਤੇ ਖ਼ਰਾ ਨਾ ਉਤਰਦੇ ਹੋਏ ਹਲਕੇ ਦਾ ਕੋਈ ਸੁਧਾਰ ਨਹੀਂ ਕੀਤਾ। ਉਲਟਾ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ, ਜਿਸਦੀ ਤਾਜਾ ਮਿਸਾਲ ਸਭ ਦੇ ਸਾਹਮਣੇ ਹੈ। ਇਸ ਮੌਕੇ ‘ਆਪ’ ਲੀਡਰਸ਼ਿਪ ਨੇ ਇਹ ਵੀ ਦੋਸ਼ ਲਗਾਇਆ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕੇ ਦੇ ਭੋਲੇ-ਭਾਲੇ ਲੋਕਾਂ ਨਾਲ ਧੋਖੇ ਕੀਤੇ ਅਤੇ ਉਨ੍ਹਾਂ ਨੂੰ ਦਬਾ ਕੇ ਰੱਖਿਆ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਸ ਵਿਰੁੱਧ ਬਣਦੀ ਕਾਰਵਾਈ ਕਰਕੇ ਇਸ ਨੂੰ ਜੇਲ੍ਹ ਵਿੱਚ ਡੱਕਿਆ ਜਾਵੇ ।






















