ਚੰਨੀ ਦੀ ਚਿੱਠੀ ਦਾ ਅਮਿਤ ਸ਼ਾਹ ਨੇ ਦਿੱਤਾ ਜਵਾਬ
ਨਵੀਂ ਦਿੱਲੀ, ਮੀਡੀਆ ਬਿਊਰੋ:
ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ’ਚ ਆਮ ਆਦਮੀ ਪਾਰਟੀ (AAP) ਵੱਲੋਂ ਖ਼ਾਲਿਸਤਾਨ ਸਮਰਥਕ ਪਾਬੰਦੀਸ਼ੁਦਾ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਤੋਂ ਮਦਦ ਲੈਣ ਦੇ ਮਾਮਲੇ ਦੀ ਜਾਂਚ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਦੀ ਜਾਂਚ ਦੀ ਮੰਗ ਕੀਤੀ ਸੀ। ਕੇਂਦਰ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ। ਅਮਿਤ ਸ਼ਾਹ ਨੇ ਚੰਨੀ ਨੂੰ ਖ਼ੁਦ ਪੂਰੇ ਮਾਮਲੇ ਨੂੰ ਡੂੰਘਾਈ ਨਾਲ ਦਿਖਵਾਉਣ ਦਾ ਭਰੋਸਾ ਦਿੱਤਾ ਹੈ।
ਉੱਚ ਪੱਧਰੀ ਸੂਤਰਾਂ ਮੁਤਾਬਕ, ਸ਼ੁੱਕਰਵਾਰ ਨੂੰ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰੀ ਨੂੰ ਲਿੱਖੇ ਪੱਤਰ ਦੇ ਨਾਲ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬ ’ਚ ਖ਼ਾਲਿਸਤਾਨੀ ਸਮਰਥਕਾਂ ਨੂੰ ਲਿਖੇ ਗਏ ਕਿ ਪੱਤਰ ਦੀ ਕਾਪੀ ਭੇਜੀ ਹੈ। ਪੰਜਾਬੀ ’ਚ ਲਿਖੇ ਪੱਤਰ ’ਚ ਪੰਨੂ ਨੇ ਐਤਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ ਹੈ। ਪੰਨੂ ਮੁਤਾਬਕ, ਸਿੱਖਸ ਫਾਰ ਜਸਟਿਸ ਲਗਾਤਾਰ ‘ਆਪ’ ਦੇ ਸੰਪਰਕ ’ਚ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਸਿੱਖਸ ਫਾਰ ਜਸਟਿਸ ਨੇ ‘ਆਪ’ ਨੂੰ ਸਮਰਥਨ ਦਿੱਤਾ ਸੀ ਤੇ ਇਸ ਵਾਰੀ ਸਮਰਥਨ ਦੇ ਰਿਹਾ ਹੈ। ਚੰਨੀ ਨੇ ਇਸ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਹੀ ਗੰਭੀਰ ਦੱਸਦੇ ਹੋਏ ਇਸ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਸੀ।
ਚੰਨੀ ਨੇ ਆਪਣੇ ਪੱਤਰ ’ਚ ‘ਆਪ’ ਦੇ ਸਹਿ ਸੰਸਥਾਪਕ ਕੁਮਾਰ ਵਿਸ਼ਵਾਸ ਦੇ ਦੋਸ਼ਾਂ ਦਾ ਵੀ ਹਵਾਲਾ ਦਿੱਤਾ ਹੈ। ਕੁਮਾਰ ਵਿਸ਼ਵਾਸ ਨੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖ਼ਾਲਿਸਤਾਨੀ ਤਾਕਤਾਂ ਨਾਲ ਸਿੱਧੇ ਸਬੰਧ ਹੋਣ ਦਾ ਦੋਸ਼ ਲਾਇਆ ਹੈ। ਚੰਨੀ ਨੇ ਇਨ੍ਹਾਂ ਦੋਸ਼ਾਂ ਨੂੁੰ ਬਹੁਤ ਹੀ ਗੰਭੀਰ ਦੱਸਦੇ ਹੋਏ ਉਸਦੀ ਵੀ ਡੂੰਘਾਈ ਨਾਲ ਜਾਂਚ ਦੀ ਲੋਡ਼ ਦੱਸੀ। ਚੰਨੀ ਮੁਤਾਬਕ, ਵੱਖਵਾਦੀ ਤਾਕਤਾਂ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਚੁੱਕੇ ਪੰਜਾਬ ਲਈ ਇਹ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਚੰਨੀ ਦੇ ਪੱਤਰ ਦਾ ਤੁਰੰਤ ਜਵਾਬ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਮੈਂ ਖ਼ੁਦ ਇਸ ਮਾਮਲੇ ਨੂੰ ਡੂੰਘਾਈ ਨਾਲ ਦੇਖਾਂਗਾ। ਸ਼ਾਹ ਨੇ ਸਾਫ਼ ਕਰ ਦਿੱਤਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨਾਲ ਖਿਲਵਾਡ਼ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਸ਼ਾਹ ਨੇ ਇਸਨੂੰ ਨਿੰਦਾਯੋਗ ਦੱਸਦੇ ਹੋਏ ਕਿਹਾ ਕਿ ਸੱਤਾ ਹਾਸਲ ਕਰਨ ਲਈ ਅਜਿਹੇ ਲੋਕ ਵੱਖਵਾਦੀਆਂ ਨਾਲ ਹੱਥ ਮਿਲਾਉਣ ਤੋਂ ਲੈ ਕੇ ਪੰਜਾਬ ਤੇ ਦੇਸ਼ ਨੂੰ ਤੋਡ਼ਨ ਦੀ ਹੱਦ ਤਕ ਜਾ ਸਕਦੇ ਹਨ। ਇਸ ਤਰ੍ਹਾਂ ਦੇ ਅਨਸਰਾਂ ਦਾ ਏਜੰਡਾ ਦੇਸ਼ ਦੇ ਦੁਸ਼ਮਣਾਂ ਦੇ ਏਜੰਡੇ ਤੋਂ ਅਲੱਗ ਨਹੀਂ ਹੈ।