ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਮੈਰਿਜ ਪੈਲਸ ਐਸੋਸ਼ੀਏਸ਼ਨ ਦੇ ਮੈਬਰਾਂ ਦੀ ਇੱਕਤਰਤਾ ਪਵਿੱਤਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠਾਂ ਹੋਈ। ਮੀਟਿੰਗ ਵਿਚ ਮੈਰਿਜ ਪੈਲਸਾਂ ਵਿੱਚ ਵਿਆਹ ਜਾਂ ਕਿਸੇ ਹੋਰ ਸਮਾਗਮ ਦੌਰਾਨ ਠੇਕੇਦਾਰਾਂ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਅਤੇ ਖੁਦ ਨੂੰ ਰੇਡ ਪਾਰਟੀ ਦੱਸ ਕੇ ਪੈਲਸਾਂ ਵਿਚ ਕੀਤੀ ਜਾਂਦੀ ਛਾਣਬੀਨ ਨੂੰ ਨਿੰਦਣਯੋਗ ਕਦਮ ਦੱਸਿਆ।
ਗਿੱਲ ਨੇ ਕਿਹਾ ਕਿ ਸ਼ਰਾਬ ਦਾ ਪਰਮਿਟ ਅਤੇ ਸ਼ਰਾਬ ਚੈਕ ਕਰਨ ਬਹਾਨੇ ਪੈਲਸ ਮਾਲਕਾਂ ਅਤੇ ਪਾਰਟੀਆਂ ਨੂੰ ਪ੍ਰੇਸ਼ਾਨ ਕਰਦੇ ਠੇਕੇਦਾਰਾਂ ਦੀ ਧੱਕੇਸ਼ਾਹੀ ਹੁਣ ਚੱਲਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਪਰਮਿਟ ਜਾਂ ਸ਼ਰਾਬ ਦੀ ਜਾਂਚ ਕਰਨਾ ਚਾਹੁੰਦੇ ਹਨ ਤਾਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਂਚ ਕਰਨ, ਪੈਲਸ ਮਾਲਕਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਜੇਕਰ ਉਨ੍ਹਾਂ ਇੱਕਠੇ ਆ ਕੇ ਗੁੰਡਾਗਰਦੀ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ, ਜਿਸ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਲਈ ਠੇਕੇਦਾਰ ਖੁਦ ਜ਼ਿੰਮੇਵਾਰ ਹੋਣਗੇ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਠੇਕੇਦਾਰਾਂ ਨੂੰ ਇਹ ਹੁਕਮ ਕੀਤੇ ਜਾਣ ਕਿ ਸ਼ਰਾਬ ਸਬੰਧਤ ਇਲਾਕੇ ਦੇ ਜਿਹੜੇ ਮਰਜ਼ੀ ਠੇਕੇ ਤੋਂ ਖ਼੍ਰੀਦੀ ਜਾ ਸਕਦੀ ਹੋਵੇ, ਇਸ ’ਤੇ ਕੋਈ ਰੋਕ ਨਾ ਹੋਵੇ। ਇਸ ਮੌਕੇ ਪਰਮਜੀਤ ਸਿੰਘ, ਹਰਦੇਵ ਸਿੰਘ, ਕੁਲਵਿੰਦਰ ਸਿੰਘ, ਲਖਵੀਰ ਸਿੰਘ, ਵਿਵੇਕ ਗੁਪਤਾ, ਰਵਿੰਦਰ ਸਿੰਘ, ਚਰਨਜੀਤ ਸਿੰਘ, ਅਮਰਿੰਦਰ ਸਿੰਘ, ਨਰੇਸ਼ ਵਿਜ, ਰਜਨੀਸ਼ ਸ਼ਰਮਾ, ਸੁਖਵੀਰ ਸਿੰਘ, ਅਮਰੀਕ ਸਿੰਘ, ਜੀਵਨ ਕੁਮਾਰ, ਜਗਦੇਵ ਸਿੰਘ, ਇੰਦਰਪਾਲ ਸਿੰਘ, ਗੌਤਮ ਅਗਰਵਾਲ, ਵਿਜੇ ਘਈ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।