ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਮਜ਼ਦੂਰ ਯੂਨੀਅਨ ਅਤੇ ਐਡਹਾਕ ਕਮੇਟੀ ਲਿਨਫੌਕਸ ਮਜ਼ਦੂਰ ਯੂਨੀਅਨ ਦਾ ਸਾਂਝਾ ਵਫ਼ਦ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ। ਇਸ ਮੌਕੇ ਹਰਜਿੰਦਰ ਸਿੰਘ, ਜੀ. ਐਸ. ਜੌਹਰੀ ਤੇ ਮਲਕੀਤ ਸਿੰਘ ਨੇ ਪਿਛਲੇ ਦੋ ਮਹੀਨੇ ਤੋਂ ਲਿਨਫੌਕਸ ਕੰਪਨੀ ਵਿਚੋਂ ਨਜਾਇਜ਼ ਕੱਢੇ ਕਿਰਤੀਆਂ ਦੀ ਬਹਾਲੀ, ਤਨਖਾਹ ਕਟੌਤੀ, ਚੰਗੇ ਆਚਰਣ ਦੇ ਘੋਸ਼ਣਾ ਪੱਤਰ ਤੇ ਜ਼ਬਰੀ ਦਸਤਖ਼ਤ ਕਰਵਾਉਣ ਆਦਿ ਮਸਲਿਆਂ ’ਚ ਦਖ਼ਲ ਦੇ ਕੇ ਹੱਲ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਖੰਨਾ ਨੇੜਲੇ ਪਿੰਡ ਮੋਹਨਪੁਰ ’ਚ ਕਾਰਪੋਰੇਟ ਘਰਾਣੇ ਦੀ ਲਿਨਫੌਕਸ ਕੰਪਨੀ ਪ੍ਰਬੰਧਕਾਂ ਵੱਲੋਂ ਯੋਜਨਾਬੰਧ ਢੰਗ ਨਾਲ ਵੱਧ ਮੁਨਾਫ਼ਾ ਕਮਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਰੈਗੂਲਰ ਕਰਮਚਾਰੀਆਂ ਨੂੰ ਨਜਾਇਜ਼ ਤਰੀਕੇ ਨਾਲ ਕੱਢ ਕੇ ਨਵੀਂ ਭਰਤੀ ਸ਼ੁਰੂ ਕੀਤੀ ਗਈ ਅਤੇ ਕਰਮਚਾਰੀਆਂ ਦੀ 10 ਦਿਨਾਂ ਦੀ ਤਨਖਾਹ ਵਿਚ ਵੀ ਕਟੌਤੀ ਹੋਈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਮੈਨੇਜਮੈਂਟ ਦੇ ਵਿਆਪਕ ਹਮਲੇ ਨੂੰ ਠੱਲ੍ਹ੍ਹ ਪਾਉਣ ਲਈ ਕਿਰਤ ਵਿਭਾਗ, ਸਥਾਨਕ ਪ੍ਰਸ਼ਾਸ਼ਨ, ਹਲਕਾ ਵਿਧਾਇਕਾਂ ਨੂੰ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਮਾਮਲਾ ਲਟਕਿਆ ਪਿਆ ਹੈ ਅਤੇ ਨੌਕਰੀ ਤੋਂ ਕੱਢੇ ਕਾਮਿਆਂ ਨੂੰ ਨਿੱਜੀ ਜਾਂਚ ਕੰਪਨੀ ਲੁਧਿਆਣਾ ਵਕੀਲਾਂ ਕੋਲ ਬੁਲਾ ਕੇ ਪ੍ਰੇਸ਼ਾਨ ਕਰ ਰਹੀ ਹੈ।

ਉਪਰੋਕਤ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀ ਰੋਜ਼ੀ ਰੋਟੀ ’ਤੇ ਹਮਲਾ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਨੀਤੀਆਂ ਤਹਿਤ ਕੀਤਾ ਜਾ ਰਿਹਾ ਹੈ। ਮਜ਼ਦੂਰ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਰਤੀਆਂ ਦੇ ਮਸਲਿਆਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਮਜ਼ਦੂਰ ਵੱਖ-ਵੱਖ ਜੱਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ੁੰਮੇਵਾਰੀ ਪ੍ਰਸ਼ਾਸ਼ਨ ਤੇ ਸਰਕਾਰ ਸਿਰ ਹੋਵੇਗੀ। ਇਸ ਮੌਕੇ ਡੀ.ਸੀ ਵਰਿੰਦਰ ਕੁਮਾਰ ਵਰਮਾ ਨੇ ਮਜ਼ਦੂਰਾਂ ਨੂੰ ਤੁਰੰਤ ਇਨਸਾਫ਼ ਦਾ ਭਰੋਸਾ ਦਿਵਾਉਂਦਿਆਂ ਸਬੰਧਤ ਸਹਾਇਕ ਕਿਰਤ ਕਮਿਸ਼ਨਰ ਨੂੰ ਜਾਂਚ ਲਈ ਪੱਤਰ ਭੇਜਿਆ।





















