ਸਾਨ ਫਰਾਂਸਿਸਕੋ ‘ਚ 94 ਸਾਲਾ ਏਸ਼ੀਅਨ ਮਹਿਲਾ ‘ਤੇ ਚਾਕੂ ਨਾਲ ਹਮਲਾ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਸਾਨ ਫਰਾਂਸਿਸਕੋ ਵਿਚ ਬੁੱਧਵਾਰ ਨੂੰ ਇਕ 94 ਸਾਲਾ ਏਸ਼ੀਅਨ ਮੂਲ ਦੀ ਮਹਿਲਾ ‘ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਪਹਿਲਾਂ ਹੀ ਜ਼ਮਾਨਤ ‘ਤੇ ਜਾਂ ਪਿਛਲੇ ਕੇਸ ਤੋਂ ਰਿਹਾਅ ਹੋਇਆ ਸੀ। ਪੁਲਸ ਅਨੁਸਾਰ ਸਾਨ ਫਰਾਂਸਿਸਕੋ ਦੇ ਟੈਂਡਰਲੋਇਨ ਇਲਾਕੇ ਵਿਚ ਇਕ ਬਜ਼ੁਰਗ ਏਸ਼ੀਅਨ ਔਰਤ ਨੂੰ ਚਾਕੂ ਮਾਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਹਮਲਾ ਸਵੇਰੇ 10: 15 ਵਜੇ ਦੇ ਕਰੀਬ ਕੀਤਾ ਗਿਆ ਅਤੇ ਮਹਿਲਾ ਦੇ ਸਰੀਰ ‘ਤੇ ਚਾਕੂ ਦੇ ਕਈ ਨਿਸ਼ਾਨ ਸਨ।

ਇਸ ਹਮਲੇ ਉਪਰੰਤ ਬਜ਼ੁਰਗ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ। ਪੀੜਤ ਮਹਿਲਾ ਦੀ ਪਛਾਣ ਚੀਨੀ ਮੂਲ ਦੀ 94 ਸਾਲਾ ਐਂਹ ਟੇਲਰ ਵਜੋਂ ਕੀਤੀ ਗਈ ਹੈ, ਜੋ ਕਿ ਸਾਨ ਫਰਾਂਸਿਸਕੋ ਵਿਚ 4 ਦਹਾਕਿਆਂ ਤੋਂ ਰਹਿ ਰਹੀ ਹੈ। ਇਸ ਹਮਲੇ ਦੇ ਦੋਸ਼ੀ ਵਿਅਕਤੀ ਦੀ ਪਛਾਣ 35 ਸਾਲਾ ਡੈਨੀਅਲ ਕੌਚ ਵਜੋਂ ਹੋਈ ਹੈ। ਕੌਚ ‘ਤੇ ਕਤਲ ਕਰਨ ਦੀ ਕੋਸ਼ਿਸ਼, ਗੰਭੀਰ ਸੱਟ ਮਾਰਨ, ਬਜ਼ੁਰਗਾਂ ਨਾਲ ਬਦਸਲੂਕੀ ਕਰਨ, ਅਤੇ ਜ਼ਮਾਨਤ ਜਾਂ ਰਿਹਾਅ ਹੋਣ ਉਪਰੰਤ ਅਪਰਾਧ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Share This :

Leave a Reply