
ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਮੌਕੇ ਰਾਜ ਦੇ ਹਰੇਕ ਪਿੰਡ ’ਚ ਲਗਵਾਏ ਗਏ 550 ਬੂਟਿਆਂ ਦੀ ਸਾਂਭ-ਸੰਭਾਲ ਦਾ ਕੰਮ ਵਣ ਮਿੱਤਰਾਂ ਰਾਹੀਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ 31 ਮਾਰਚ ਤੋਂ ਹਰੇਕ ਪਿੰਡ ’ਚ ਦੋ-ਦੋ ਵਣ ਮਿੱਤਰਾਂ ਨੂੰ ਮਨਰੇਗਾ ਤਹਿਤ ਰੋਜ਼ਗਾਰ ਉਪਲਬਧ ਕਰਵਾਇਆ ਗਿਆ ਹੈ।
ਇਹ ਪ੍ਰਗਟਾਵਾ ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਵਤਾਰ ਸਿੰਘ ਭੁੱਲਰ ਨੇ ਅੱਜ ਬੰਗਾ ਬਲਾਕ ਦੇ ਤਿੰਨ ਪਿੰਡਾਂ ਬਾਹੜ ਮਜਾਰਾ, ਕਲੇਰਾਂ ਤੇ ਮਜਾਰੀ ’ਚ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਜ਼ਿੰਮੇਂਵਾਰੀ ਵਣ ਵਿਭਾਗ ਕੋਲ ਸੀ, ਜੋ ਹੁਣ ਪੰਚਾਇਤ ਵਿਭਾਗ ਨੇ ਸਾਂਭ ਲਈ ਹੈ। ਉਨ੍ਹਾਂ ਦੱਸਿਆ ਕਿ ਸੀ ਬਾਜਵਾ ਦੀਆਂ ਹਦਾਇਤਾਂ ਮੁਤਾਬਕ ਪਿੰਡਾਂ ’ਚ ਸਥਿਤ ਮਨਰੇਗਾ ਲੇਬਰ ਨੂੰ ਲਾਕਡਾਊਨ ਦੌਰਾਨ ਰੋਜ਼ਗਾਰ ਦੇ ਵਸੀਲੇ ਉਪਲਬਧ ਕਰਵਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਮਿਆਂ ਨੂੰ ਮਨਰੇਗਾ ਤਹਿਤ ਦਿਹਾੜੀ ਦਿੱਤੀ ਜਾਵੇਗੀ ਅਤੇ ਤਿੰਨ ਸਾਲ ਲਈ ੲਹਿ ਸਾਂਭ-ਸੰਭਾਲ ਜਾਰੀ ਰਹੇਗੀ। ਸ੍ਰੀ ਭੁੱਲਰ ਨੇ ਇਸ ਮੌਕੇ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਪੌਦਿਆਂ ਦੀ ਸਾਂਭ-ਸੰਭਾਲ ਚੰਗੇ ਢੰਗ ਨਾਲ ਕਰਨ ਤਾਂ ਜੋ ਪੰਜਾਬ ’ਚ ਵੱਧ ਤੋਂ ਵੱਧ ਹਰਿਆਲੀ ਕਾਇਮ ਕੀਤੀ ਜਾ ਸਕੇ ਅਤੇ ਵਾਤਾਵਰਣ ਨੂੰ ਸਾਫ਼ ਤੇ ਸ਼ੁੱਧ ਰੱਖਿਆ ਜਾ ਸਕੇ। ਇਸ ਮੌਕੇ ਬੀ ਡੀ ਪੀ ਓ ਬੰਗਾ ਪ੍ਰਵੇਸ਼ ਗੋਇਲ, ਜੇ ਈ ਰਾਮ ਜੀਤ, ਏ ਪੋ ਓ ਮਨਰੇਗਾ ਸਰਬਜੀਤ ਸਿੰਘ ਤੇ ਇਨ੍ਹਾਂ ਪਿੰਡਾਂ ਦੇ ਸਰਪੰਚ ਮੌਕੇ ’ਤੇ ਮੌਜੂਦ ਸਨ।