ਪਟਿਆਲਾ ( ਅਰਵਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਰੋਨਾਵਾਇਰਸ ਖ਼ਿਲਾਫ਼ ਵਿੱਢੀ ਗਈ ਲੜਾਈ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਪੰਜਾਬ ਵਕਫ਼ ਬੋਰਡ ਨੇ ਵੀ 50 ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਵਕਫ਼ ਬੋਰਡ ਨੇ ਸਰਬਸੰਮਤੀ ਨਾਲ 50 ਲੱਖ ਰੁਪਏ ਦੀ ਰਾਸ਼ੀ ਪੰਜਾਬ ਮੁੱਖ ਮੰਤਰੀ ਕੋਵਿਡ-19 ਰੀਲੀਫ਼ ਫੰਡ ਵਿੱਚ ਲੋੜਵੰਦਾਂ ਨੂੰ ਦਵਾਈਆਂ ਅਤੇ ਮੈਡੀਕਲ ਸਾਜ਼ੋ ਸਮਾਨ ਮੁਹੱਈਆ ਕਰਵਾਉਣ ਲਈ ਦੇਣ ਦੀ ਪ੍ਰਵਾਨਗੀ ਦਿੱਤੀ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਬੋਰਡ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਸ੍ਰੀ ਸ਼ੌਕਤ ਅਹਿਮਦ ਪਰੈ ਨੇ ਹੋਰ ਦੱਸਿਆ ਕਿ ਬੋਰਡ, 50 ਲੱਖ ਰੁਪਏ ਦੀ ਵਾਧੂ ਰਾਸ਼ੀ, ਕੋਵਿਡ-19 ਕਰਕੇ ਪੈਦਾ ਹੋਈ ਇਸ ਸੰਕਟ ਦੀ ਘੜੀ ਦੌਰਾਨ ਲੋੜਵੰਦਾਂ ਨੂੰ ਜਰੂਰੀ ਵਸਤਾਂ ਮੁਫ਼ਤ ਮੁਹੱਈਆ ਕਰਵਾਉਣ ਲਈ ਵੀ ਜਾਰੀ ਕਰੇਗਾ।
ਸ੍ਰੀ ਪਰੈ ਨੇ ਹੋਰ ਦੱਸਿਆ ਕਿ ਬੋਰਡ ਕੋਲ ਰਜਿਸਟਰਡ 4500 ਦੇ ਲਗਪਗ ਗਰੀਬਾਂ ਅਤੇ ਹੋਰ ਅਨਾਥਾਂ ਦੀ ਸਹਾਇਤਾ ਲਈ ਪ੍ਰਦਾਨ ਕੀਤੀ ਜਾਂਦੀ ਪੈਨਸ਼ਨ, ਜੋ ਕਿ ਨੀਤੀ ਬਦਲਣ ਕਰਕੇ ਪਿਛਲੇ 5 ਮਹੀਨਿਆਂ ਦੀ ਬਕਾਇਆ ਪਈ ਸੀ, ਨੂੰ ਵੀ ਜਾਰੀ ਕੀਤਾ ਜਾਵੇਗਾ। ਇਸ ਤੋਂ ਬਿਨਾਂ ਮਦਰੱਸਿਆਂ ਲਈ ਸਹਾਇਤਾ ਅਤੇ ਇਮਾਮਾਂ ਲਈ ਮਾਣਭੱਤਾ ਵੀ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸ੍ਰੀ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਬੋਰਡ ਨੇ ਸਾਰੇ ਇਮਾਮਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਆਖਿਆ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਕ ਡਾਊਨ ਤੇ ਕਰਫਿਊ ਦੇ ਸਮੇਂ ਦੌਰਾਨ ਸਾਰੀਆਂ ਮਸਜ਼ਿਦਾਂ ਨੂੰ ਬੰਦ ਰੱਖਿਆ ਜਾਵੇ। ਇਸ ਤੋਂ ਬਿਨ੍ਹਾਂ ਬੋਰਡ ਨੇ ਇਹ ਅਪੀਲ ਵੀ ਕੀਤੀ ਹੈ ਕਿ ਕੇਂਦਰੀ ਅਤੇ ਰਾਜ ਸਰਕਾਰ ਦੇ ਰਾਹਤ ਫੰਡਾਂ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ ਅਤੇ ਆਪਣੇ ਨੇੜਲੇ ਗਰੀਬ ਪਰਿਵਾਰਾਂ ਦੀ ਸਹਾਇਤਾ ਵੀ ਕੀਤੀ ਜਾਵੇ। ਪੰਜਾਬ ਵਕਫ਼ ਬੋਰਡ ਨੇ ਆਪਣੇ ਕਰਮਚਾਰੀਆਂ ਵੱਲੋਂ ਆਪਣੀ ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਵਿੱਚ ਪਾਉਣ ਦੇ ਲਏ ਗਏ ਫੈਸਲਾ ਦਾ ਵੀ ਸਵਾਗਤ ਕੀਤਾ ਹੈ।