ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੀ ਨਵੇਂ ਕੇਸ ਫਿਰ ਤੋਂ ਵਧਦੇ ਨਜਰ ਆ ਰਹੇ ਹਨ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਨਵੇਂ ਅੰਕੜਿਆਂ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰੋਜ਼ਾਨਾ ਦੇ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਹਨਾਂ ਅੰਕੜਿਆਂ ਅਨੁਸਾਰ ਵਾਇਰਸ ਨਾਲ ਪੰਜ ਲੋਕਾਂ ਦੀ ਮੌਤ ਹੋਈ ਹੈ ਅਤੇ 24 ਘੰਟਿਆਂ ਦੌਰਾਨ ਤਕਰੀਬਨ 2989 ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ ਰੋਜਾਨਾ ਦੇ ਕੋਰੋਨਾ ਕੇਸਾਂ ਦਾ ਪਿਛਲਾ ਰਿਕਾਰਡ 7 ਜਨਵਰੀ 2021ਦਾ ਸੀ,ਜਦੋਂ 2649 ਨਵੇਂ ਕੇਸ ਦਰਜ ਹੋਏ ਸਨ। ਹਾਲਾਂਕਿ ਬੁੱਧਵਾਰ ਨੂੰ ਸਕਾਟਲੈਂਡ ਦੀ ਸਰਕਾਰ ਦੁਆਰਾ ਪ੍ਰਕਾਸ਼ਤ ਅੰਕੜਿਆਂ ਅਨੁਸਾਰ, ਰੋਜ਼ਾਨਾ ਟੈਸਟ ਦੀ ਸਕਾਰਾਤਮਕ ਦਰ 7.3% ਸੀ ਜੋ ਪਿਛਲੇ ਦਿਨ ਦੀ ਦਰ 9.1% ਤੋਂ ਘੱਟ ਸੀ।
ਸਕਾਟਲੈਂਡ ਵਿੱਚ ਮੰਗਲਵਾਰ ਨੂੰ ਹਸਪਤਾਲਾਂ ਵਿੱਚ 171 ਲੋਕ ਦਾਖਲ ਸਨ ਜਿਨ੍ਹਾਂ ਦੀ ਹਾਲ ਹੀ ਵਿੱਚ ਕੋਵਿਡ -19 ਲਈ ਪੁਸ਼ਟੀ ਕੀਤੀ ਗਈ ਸੀ , ਜਿਹਨਾਂ ਵਿੱਚੋਂ 18 ਲੋਕ ਗੰਭੀਰ ਦੇਖਭਾਲ ਵਿੱਚ ਸਨ। ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਸਕਾਟਲੈਂਡ ਵਿੱਚ ਟੀਕਾ ਪ੍ਰਕਿਰਿਆ ਜਾਰੀ ਹੈ ਅਤੇ ਇਸਦੇ ਅੰਕੜਿਆਂ ਅਨੁਸਾਰ ਹੁਣ ਤੱਕ ਤਕਰੀਬਨ 3,681,620 ਲੋਕਾਂ ਨੇ ਕੋਵਿਡ -19 ਵੈਕਸੀਨ ਦੀ ਪਹਿਲੀ ਖੁਰਾਕ ਅਤੇ 2,617,450 ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।