ਵਾਸ਼ਿੰਗਟਨ 30 ਅਪ੍ਰੈਲ (ਹੁਸਨ ਲੜੋਆ ਬੰਗਾ)—ਕੋਰੋਨਾਵਾਇਰਸ ਕਾਰਨ ਲੱਖਾਂ ਕਾਰੋਬਾਰੀਆਂ ਨੂੰ ਆਪਣੇ ਕੰਮ ਧੰਦੇ ਬੰਦ ਕਰਨ ਲਈ ਮਜਬੂਰ ਕਰ ਦੇਣ ਉਪਰੰਤ ਪਿਛਲੇ 5 ਹਫ਼ਤਿਆਂ ਦੌਰਾਨ 2 ਕਰੋੜ 60 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਰਾਹਤ ਲੈਣ ਲਈ ਦਰਖਾਸਤਾਂ ਦਿੱਤੀਆਂ ਹਨ। ਪਿਛਲੇ ਹਫ਼ਤੇ 45 ਲੱਖ ਨਵੇਂ ਬੇਰੁਜ਼ਗਾਰ ਸਾਹਮਣੇ ਆਏ ਹਨ ਤੇ ਉਨਾਂ ਨੇ ਰਾਹਤ ਲਈ ਅਰਜੀਆਂ ਦਿੱਤੀਆਂ ਹਨ। ਅੱਧ ਮਾਰਚ ਤੋਂ ਬਾਅਦ 6 ਵਿਚੋਂ ਇਕ ਅਮਰੀਕੀ ਦੀ ਨੌਕਰੀ ਜਾਂਦੀ ਰਹੀ ਹੈ।
ਆਰਥਕ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਮਈ ਵਿਚ ਬੇਰੁਜ਼ਗਾਰੀ ਦਰ 20% ਹੋ ਸਕਦੀ ਹੈ। ਕੋਰੋਨਾਵਾਇਰਸ ਨੇ ਇਸ ਸਮੇ ਅਮਰੀਕੀ ਅਰਥ ਵਿਵਸਥਾ ਲਈ ਬਹੁਤ ਗੰਭੀਰ ਆਰਥਕ ਸੰਕਟ ਖੜਾ ਕਰ ਦਿੱਤਾ ਹੈ। ਕੁਝ ਮਾਹਿਰਾਂ ਅਨੁਸਾਰ ਭਿਆਨਕ ਮੰਦਾ ਜੋ 2009 ਵਿਚ ਖਤਮ ਹੋਇਆ ਸੀ ਨਾਲੋਂ ਦੋ ਗੁਣਾ ਉਤਪਾਦਨ ਘਟ ਸਕਦਾ ਹੈ। ਆਰਥਕ ਮੰਦਹਾਲੀ ਕਾਰਨ ਬਹੁਤ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਲੋਕਾਂ ਵੱਲੋਂ ਕਾਰੋਬਾਰ ਮੁੜ ਖੋਲਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਹਨ। ਹਾਲਾਂ ਕਿ ਸਿਹਤ ਅਧਿਕਾਰੀਆਂ ਦੀਆਂ ਚਿਤਾਵਨੀਆਂ ਦੇ ਬਾਵਜੂਦ ਕੁਝ ਰਾਜਪਾਲਾਂ ਨੇ ਪਾਬੰਦੀਆਂ ਵਿਚ ਰਾਹਤ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਜਿਆਦਾਤਰ ਰਾਜਾਂ ਵਿਚ ਅਜੇ ਕਾਰੋਬਾਰੀ ਸਰਗਰਮੀਆਂ ਠੱਪ ਹਨ।