ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ

ਅੰਮ੍ਰਿਤਸਰ, ਮੀਡੀਆ ਬਿਊਰੋ: ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ 1 ਅਪ੍ਰੈਲ 1621 (19 ਮੱਘਰ ਸੁਦੀ 2 ਸੰਮਤ 1678 ਬਿਕਰਮੀ) ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਵਤਾਰ ਧਾਰਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 21 ਅਪ੍ਰੈਲ 2022 ਨੂੰ ੁਪ੍ਰਕਾਸ਼ ਪੁਰਬ ਨੂੰ ਸਮਰਪਿਤ 400 ਸਾਲਾ ਸੰਪੂਰਨਤਾ ਅਤੇ 401 ਸਾਲਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਵਿਚ ਸ਼ਰਧਾ ਨਾਲ ਮਨਾਇਆ ਜਾਵੇਗਾ। ਗੁਰੂ ਕੇ ਮਹਿਲ ਉਹ ਅਸਥਾਨ ਹੈ, ਜਿਥੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਇਥੇ ਸ਼ਹਿਰ ਵਸਾਉਣ ਲਈ ਕਿਹਾ ਸੀ। ਸ਼ਹਿਰ ਵਸਾਉਣ ਸਮੇਂ ਸਭ ਤੋਂ ਪਹਿਲਾਂ ਗੁਰੂ ਕੇ ਮਹਿਲ ਵਾਲੇ ਅਸਥਾਨ ’ਤੇ ਮੋਹਡ਼ੀ ਗੱਡੀ ਸੀ। ਇਸ ਅਸਥਾਨ ਤੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੀ ਰਿਹਾਇਸ਼ ਲਈ ਕੱਚੀ ਝੋਪਡ਼ੀ ਬਣਾਈ, ਜਿਸ ਨੂੰ ਬਾਅਦ ਵਿਚ ਕੱਚੇ ਘਰ ਦੇ ਰੂਪ ਵਿਚ ਤਬਦੀਲ ਕਰਨ ਤੋਂ ਬਾਅਦ ਸੁੰਦਰ ਮਹਿਲ ਤਿਆਰ ਕੀਤੇ। ਗੁਰੂ ਕੇ ਮਹਿਲ ਨੂੰ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਨਿਵਾਸ ਅਸਥਾਨ ਹੋਣ ਦੇ ਨਾਲ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜਨਮ ਅਸਥਾਨ ਹੋਣ ਦਾ ਸੁਭਾਗ ਪ੍ਰਾਪਤ ਹੈ। ਇਸੇ ਅਸਥਾਨ ’ਤੇ ਗੁਰੂ ਤੇਗ ਬਹਾਦਰ ਜੀ ਦੇ ਭਰਾ ਬਾਬਾ ਸੂਰਜ ਮੱਲ ਜੀ, ਬਾਬਾ ਅੱਣੀ ਰਾਇ ਜੀ, ਬਾਬਾ ਅਟੱਲ ਰਾਇ ਜੀ ਅਤੇ ਬੀਬੀ ਵੀਰੋ ਜੀ ਦਾ ਵੀ ਜਨਮ ਵੀ ਇਥੇ ਹੋਇਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਲ ਲੀਲਾ ਨੂੰ ਦੇਖ ਕੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਿਹਾ ਕਰਦੇ ਸਨ ਕਿ ਇਹ ਸਾਚਾ ਸੰਤ ਧਰਮ ਰੱਖਿਅਕ ਹਿੰਦਵਾਯਣ ਦਾ ਥੰਮ ਹੋਵੇਗਾ। ਗੁਰੂ ਤੇਗ ਬਹਾਦਰ ਸਾਹਿਬ ਦਾ ਸੁਭਾਅ ਸੰਤ ਅਤੇ ਦਿਆਲੂ ਵਾਲਾ ਸੀ। ਉਨ੍ਹਾਂ ਪਾਸ ਜੋ ਕੁਝ ਵੀ ਹੁੰਦਾ, ਉਹ ਗਰੀਬਾਂ ਵਿਚ ਵੰਡਦੇ ਅਤੇ ਸਵਾਲੀ ਨੂੰ ਕਦੇ ਖਾਲੀ ਨਹੀਂ ਸੀ ਮੋਡ਼ਦੇ। ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਜੋ ਗਹਿਣੇ ਕੱਪਡ਼ੇ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਨਾਨਕੀ ਜੀ ਵਲੋਂ ਪਹਿਨਾਏ ਗਏ ਸਨ, ਉਹ ਵੀ ਇਨ੍ਹਾਂ ਨੇ ਇਕ ਗਰੀਬ ਨੂੰ ਮੰਗਣ ’ਤੇ ਉਤਾਰ ਕੇ ਦੇ ਦਿੱਤੇ ਸਨ। ਇਕ ਵਾਰ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੋਡ਼ੇ ਸਮੇਤ ਬਸਤਰ, ਸ਼ਸਤਰ ਆਦਿ ਵੀ ਇਕ ਗਰੀਬ ਨੂੰ ਦੇ ਆਏ ਸਨ। ਭਾਵੇਂ ਮਾਤਾ ਨਾਨਕੀ ਜੀ ਦੇ ਕਹਿਣ ’ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਵਿਆਹ ਤਾਂ ਪਹਿਲਾਂ ਹੀ ਕਰ ਦਿੱਤਾ ਸੀ, ਪਰ 44 ਸਾਲ ਦੇ ਹੋਣ ਤੱਕ ਭਗਤੀ ਵਿਚ ਲੀਨ ਤੇ ਬ੍ਰਹਮ ਸੁਭਾਅ ਹੋਣ ਕਾਰਨ ਕੋਈ ਸੰਤਾਨ ਨਹੀਂ ਸੀ। ਘੱਟ ਖਾਣਾ, ਘੱਟ ਬੋਲਣਾ ਅਤੇ ਪ੍ਰਮੇਸ਼ਵਰ ਦੇ ਧਿਆਨ ਵਿਚ ਹਰ ਵੇਲੇ ਮਗਨ ਰਹਿਣਾ ਇਕ ਆਮ ਜਿਹੀ ਗੱਲ ਸੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਤਾਗੱਦੀ ਗੁਰੂ ਹਰਿਰਾਏ ਜੀ ਨੂੰ ਆਪਣੀ ਜਗ੍ਹਾ ’ਤੇ ਦਿੱਤੀ ਤਾਂ ਧੀਰ ਮੱਲ ਆਦਿ ਸ਼ਰੀਕਾਂ ਨੇ ਵਾਦ-ਵਿਵਾਦ ਚੁੱਕਿਆ, ਪਰ ਤਾਂ ਵੀ ਗੁਰੂ ਤੇਗ ਬਹਦਰ ਸਾਹਿਬ ਨੂੰ ਗੁਰਤਾਗੱਦੀ ਦੀ ਕੋਈ ਲਾਲਸਾ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਜਿਲ੍ਹੇ ’ਚ ਆਪਣੇ ਨਾਨਕੇ ਬਕਾਲੇ ਪਿੰਡ ਜਾ ਵੱਸੇ। ਨਾਨਾ ਨਰਾਇਣ ਦਾਸ ਜੀ ਉਥੋਂ ਦੇ ਵੱਡੇ ਸ਼ਾਹੂਕਾਰ ਸਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵੀ ਕੀਤੀ। ਅੱਠਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚੋਲਾ ਛੱਡਣ ਸਮੇਂ ਸਿੱਖਾਂ ਦੇ ਪੁੱਛਣ ’ਤੇ ਗੱਦੀ ਗੁਰਆਇ ਦੇ ਯੋਗ ਬਾਬਾ ਬਕਾਲੇ ਦੱਸਿਆ। ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਵਿਖੇ ਰਹਿ ਕੇ ਭਗਤੀ ਕੀਤੀ। ਸੌਦਾਗਰ ਲੁਬਾਣਾ ਸਿੱਖ ਮੱਖਣ ਸ਼ਾਹ ਨੇ ਬਾਬਾ ਬਕਾਲਾ ਵਿਖੇ 22 ਮੰਜੀਆਂ ਲਗਾਈ ਬੈਠੇ ਗੁਰੂ ਦੇ ਚੋਲੇ ਅਤੇ ਫਕੀਰੀ ਬਾਣੇ ਵਿਚ ਆਪਣੇ ਆਪ ਨੂੰ ਗੁਰੂ ਕਹਾ ਰਹੇ ਸਨ, ਜਿਸ ਨੂੰ ਝੂਠਾ ਸਾਬਤ ਕੀਤਾ। ਸੱਚੇ ਸਿੱਖ ਮੱਖਣ ਸ਼ਾਹ ਨੇ 500 ਮੋਹਰਾਂ ਦੀ ਸੁੱਖਣਾ ਦੇਣ ਲਈ ਬਾਬਾ ਬਕਾਲੇ ਗੁਰੂ ਦੀ ਭਾਲ ਕੀਤੀ ਸੀ, ਜਿਸ ਦਰਮਿਆਨ ਮੱਖਣ ਸ਼ਾਹ ਨੇ ਗੁਰੂ ਦੀ ਭਾਲ ਕਰਨ ਲਈ 2-2 ਮੋਹਰਾਂ ਗੱਦੀਆਂ ਲਾਈ ਬੈਠੇ ਸਾਧਾਂ ਨੂੰ ਦੇਣ ਦਾ ਮਨ ਬਣਾਇਆ ਸੀ। ਉਸ ਦਾ ਕਾਰਨ ਸੀ ਕਿ ਜੋ ਸੱਚਾ ਸਤਿਗੁਰੂ ਹੋਵੇਗਾ, ਉਹ ਆਪਣੀ ਸੁੱਖਣਾ ਦੀ ਭੇਟਾ ਆਪ ਮੰਗ ਲਵੇਗਾ। 22 ਮੰਜੀਆਂ ’ਤੇ ਬੈਠੇ ਸਾਧਾਂ ਨੂੰ 2-2 ਮੋਹਰਾਂ ਦੇਣ ’ਤੇ ਵੀ ਜਦ ਕਿਸੇ ਨੇ ਵੀ 500 ਮੋਹਰਾਂ ਦੀ ਮੰਗ ਨਾ ਕੀਤੀ ਤਾਂ ਮੱਖਣ ਸ਼ਾਹ ਉਦਾਸ ਹੋ ਗਏ। ਉਥੇ ਇਕ ਖਡ਼ੇ ਮਸੰਦ ਨੂੰ ਮੱਖਣ ਸ਼ਾਹ ਨੇ ਪੁੱਛਿਆ ਕਿ ਹੋਰ ਕੋਈ ਵੀ ਇਥੇ ਗੁਰੂ ਹੈ ਤਾਂ ਉਸ ਨੇ ਕਿਹਾ ਕਿ ਇਕ ਛੇਵੇਂ ਗੁਰੂ ਜੀ ਦਾ ਪੁੱਤ ਤੇਗ ਬਹਾਦਰ ਨਾਮ ਦਾ ਆਪਣੇ ਕੋਠੇ ਵਿਚ ਹੀ ਰਹਿੰਦਾ ਹੈ ਜਾਂ ਕਦੇ ਜੰਗਲ ਵਿਚ ਜਾਂਦਾ ਹੈ। ਉਸ ਦੀ ਮਾਤਾ ਜੀ ਵੀ ਉਸ ਨੂੰ ਗੱਦੀ ਲਗਾ ਕੇ ਬੈਠਣ ਲਈ ਕਈ ਵਾਰ ਕਹਿ ਚੁੱਕੇ ਹਨ, ਪਰ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦੇ, ਬੇਪ੍ਰਵਾਹ ਜਿਹੇ ਹਨ।

ਗੁਰੂ ਤੇਗ ਬਹਾਦਰ ਜੀ ਦੇ ਬਾਰੇ ਸੁਣ ਕੇ ਮੱਖਣ ਸ਼ਾਹ ਦੀ ਪਤਨੀ ਨੇ ਆਖਿਆ ਕਿ ਇਹੋ ਜਿਹੇ ਲੋਕ ਕਿਰਤੀ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਵੀ ਪੂਜ ਆਉਂਦੇ ਹਾਂ। ਜਦ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਮੌਕੇ ਉਸੇ ਤਰ੍ਹਾਂ ਦੋ ਮੋਹਰਾਂ ਅੱਗੇ ਰੱਖੀਆਂ ਤਾਂ ਗੁਰੂ ਸਾਹਿਬ ਨੇ ਸੁੱਖਣਾ ਦੀ ਭੇਟਾ 500 ਮੋਹਰਾਂ ਦੀ ਗੱਲ ਮੱਖਣ ਸ਼ਾਹ ਨੂੰ ਕੀਤੀ। ਗੁਰੂ ਜੀ ਮੱਖਣ ਸ਼ਾਹ ਨੂੰ ਬੋਲੇ ਭਾਈ ਸਿੱਖਾ ਗੁਰੂ ਧੰਨ ਦੇ ਭੁੱਖੇ ਤਾਂ ਨਹੀਂ ਪਰ ਸਿੱਖਾਂ ਦਾ ਸੁੱਖਨ, ਸਿਦਕ-ਅਚੱਲ ਰਖਾਉਣ ਵਾਸਤੇ ਯਾਦ ਕਰਵਾ ਦੇਣਾ ਸਾਡਾ ਧਰਮ ਹੈ। ਸਾਡੀ 500 ਮੋਹਰ ਤੇਰੇ ਪਾਸ ਅਮਾਨਤ ਹੈ, ਅਸਾਂ ਤਾਂ 500 ਹੀ ਲੈਣੀ ਹੈ। ਮੱਖਣ ਸ਼ਾਹ ਨੂੰ ਗੁਰੂ ਪ੍ਰਗਟ ਹੋਣ ਦਾ ਏਨਾ ਚਾਅ ਚਡ਼੍ਹਿਆ ਕਿ ਉਹ ਗੁਰੂ ਸਾਹਿਬ ਦੇ ਪੈਰ ਚੁੰਮਣ ਲੱਗ ਪਿਆ। ਮੱਖਣ ਸ਼ਾਹ ਨੇ ਬੇਨਤੀ ਕੀਤੀ ਕਿ ਜਿਉਂ ਉਸ ਦੀ ਇੱਛਾ ਪੂਰੀ ਕੀਤੀ ਹੈ, ਇਸੇ ਤਰ੍ਹਾਂ ਪ੍ਰਗਟ ਹੋ ਕੇ ਸਾਰੀ ਸੰਗਤ ਦੀ ਭਾਵਨਾ ਪੂਰੀ ਕਰੋ, ਕਿਉਂਕਿ ਬਨਾਵਟੀ ਗੁਰੂਆਂ ਨੇ ਸੰਗਤ ਵਿਚ ਵੱਡੇ ਭੁਲੇਖੇ ਪਾਏ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਅਸੀਂ ਗੁਰੂ ਹੋਣਾ ਨਹੀਂ ਚਾਹੁੰਦੇ, ਜੋ ਸਾਨੂੰ ਪ੍ਰਗਟ ਕਰੇਗਾ, ਉਸ ਦਾ ਕਾਲਾ ਮੂੰਹ ਕਰਕੇ ਗਧੇ ’ਤੇ ਚਡ਼੍ਹਾਵਾਂਗੇ। ਮੱਖਣ ਸ਼ਾਹ ਉਸੇ ਸਮੇਂ ਡੇਰੇ ਆਇਆ, ਪਰ ਉਪਕਾਰ ਕਰਨ ਵਾਸਤੇ ਕਾਲਾ ਮੂੰਹ ਕਰ ਗਧੇ ’ਤੇ ਚਡ਼੍ਹ ਗੁਰੂ ਜੀ ਦੇ ਸਾਹਮਣੇ ਆ ਖਡ਼੍ਹਾ ਹੋ ਗਿਆ। ਸਿੱਖ ਦਾ ਸੱਚਾ ਸਿਦਕ ਦੇਖ ਕੇ ਗੁਰੂ ਸਾਹਿਬ ਜੀ ਬੋਲੇ ਨਿਹਾਲ ਸਿੱਖਾ ਨਿਹਾਲ। ਮੱਖਣ ਸ਼ਾਹ ਨੇ ਉਸੇ ਵੇਲੇ ਕੋਠੇ ’ਤੇ ਚਡ਼੍ਹ ਚਾਦਰ ਲਹਿਰਾਈ ਤੇ ਉੱਚੀ-ਉੱਚੀ ਪੁਕਾਰਨ ਲੱਗਾ ਭੁੱਲੀਓ ਸੰਗਤੋਂ ਗੁਰੂ ਲਧਾ, ਭੁੱਲੀਓ ਸੰਗਤੋ ਸੱਚਾ ਸਤਿਗੁਰੂ ਲੱਭਾ। ਜਿਸ ਤੋਂ ਬਾਅਦ ਮੱਖਣ ਸ਼ਾਹ ਆਦਿਕ ਹੋਰ ਸਿੱਖਾਂ ਨੇ ਸਿੰਘਾਸਨ ਵਿਛਾ ਕੇ ਗੁਰਿਆਈ ਦਾ ਤਿਲਕ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਧੀ ਸਤਵੀਂ 1666 ਈਸਵੀ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ। ਗੁਰੂ ਤੇਗ ਬਹਾਦਰ ਸਾਹਿਬ ਨੇ 1665 ਈਸਵੀਂ ਨੂੰ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਨੂੰ ਖਰੀਦ ਕਰਕੇ ਇਹ ਸ਼ਹਿਰ ਵਸਾਇਆ। ਇਥੇ ਹੀ ਕਸ਼ਮੀਰੀ ਪੰਡਿਤ ਤੇ ਹੋਰਨਾਂ ਹਿੰਦੂਆਂ ਨੂੰ ਜਬਰੀ ਮੁਸਲਿਮ ਧਰਮ ਅਪਨਾਉਣ ਦੇ ਖਿਲਾਫ ਮੁਗਲ ਸ਼ਾਸਕ ਔਰੰਗਜੇਬ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਚਾਂਦਨੀ ਚੌਂਕ ਦਿੱਲੀ ਵਿਖੇ 11 ਨਵੰਬਰ 1675 ਨੂੰ ਸ਼ਹੀਦੀ ਪ੍ਰਾਪਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪੂਰੀ ਮਾਨਵਤਾ ਸਜਦਾ ਕਰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਸੰਗਤਾਂ ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ ਜਨਮ ਅਸਥਾਨ ਵਿਖੇ ਮਨਾਉਂਦੀਆਂ ਹਨ, ਉਥੇ ਹੀ ਦੇਸ਼ ਵਿਦੇਸ਼ਾਂ ਵਿਚ ਸੰਗਤਾਂ ਵੀ ਪੂਰੀ ਸ਼ਰਧਾ ਨਾਲ ਮਨਾਉਂਦੀਆਂ ਹਨ। ਪਿਛਲੇ ਸਾਲ 2021 ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਜਨਮ ਸ਼ਤਾਬਦੀ ਦੀ ਆਰੰਭਤਾ ਹੋਈ। ਭਾਵੇਂ ਪਿਛਲੇ ਸਾਲ ਕੋਰੋਨਾ ਕਾਲ ਇਹ ਸ਼ਤਾਬਦੀ ਪੂਰੇ ਜਾਹੋ-ਜਹਾਲ ਦੇ ਨਾਲ ਨਹੀਂ ਮਨਾਈ ਜਾ ਸਕੀ ਪਰ ਫਿਰ ਵੀ ਪੂਰਾ ਸਾਲ ਸੰਗਤਾਂ 400 ਸਾਲਾ ਸ਼ਤਾਬਦੀ ਵਰੇ ਨੂੰ ਵੱਖ-ਵੱਖ ਢੰਗ ਨਾਲ ਮਨਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਰਹੀਆਂ। 400 ਸਾਲਾ ਸ਼ਤਾਬਦੀ ਵਰੇ ਦੀ ਸੰਪੂਰਨਤਾ ਅਤੇ 401 ਸਾਲਾ ਪ੍ਰਕਾਸ਼ ਪੁਰਬ ਗੁਰਦੁਆਰਾ ਗੁਰੂ ਕੇ ਮਹਿਲ ਜਨਮ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ।

Share This :

Leave a Reply