
ਨਵਾਂਸ਼ਹਿਰ/ਬਲਾਚੌਰ, (ਏ-ਆਰ. ਆਰ. ਐੱਸ. ਸੰਧੂ) ਤਹਿਸੀਲ ਬਲਾਚੌਰ ਵਿਚ ਪਿੰਡ ਆਦੋਆਣਾ ਦੇ 24 ਮਈ ਨੂੰ ਦਿੱਲੀ ਤੋਂ ਪਰਤੇ 28 ਸਾਲ ਦੇ ਵਿਅਕਤੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਰਿਪੋਟ ਦਾ ਪਤਾ ਲੱਗਦੇ ਹੀ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਐਮ ਓ ਡਾ. ਰਵਿੰਦਰ ਸਿੰਘ ਠਾਕੁਰ ਨਾਲ ਤੁਰੰਤ ਪਿੰਡ ਆਦੋਆਣਾ ਪੁੱਜ ਗਏ।
ਉਹਨਾਂ ਨੇ ਦੱਸਿਆ ਕਿ ਉਕਤ ਨੌਜੁਆਨ ਨੂੰ ਉਸ ਦੇ ਘਰ ਦੇ ਨੇੜੇ ਹੀ ਅਲੱਗ ਥਾਂ ’ਤੇ ਕੁਆਰਨਟੀਨ ਕਰਨ ਦੇ ਪੰਜ ਦਿਨ ਬਾਅਦ 29 ਮਈ ਨੂੰ ਸੈਂਪਲ ਲਿਆ ਗਿਆ, ਜਿਸ ਦੀ ਅੱਜ ਰਿਪੋਰਟ ਆਉਣ ’ਤੇ ਉਸ ਨੂੰ ਪਾਜ਼ੇਟਿਵ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 ਆਈਸੋਲੇਸ਼ਨ ਵਾਰਡ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜੁਆਨ ਦੇ ਪਰਿਵਾਰ ਨਾਲ ਸਬੰਧਤ 12 ਮੈਂਬਰਾਂ ਦੇ ਸੈਂਪਲ ਲਏ ਗਏ ਹਨ ।ਐਸ ਡੀ ਐਮ ਜਸਬੀਰ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ’ਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਨਿਯਮਾਂ ਅਨੁਸਾਰ ਜੀਵਨ ਬਤੀਤ ਕਰਨ।ਜੇੇ ਸੁੱਕੀ ਖੰਘ, ਲਗਾਤਾਰ ਤੇਜ਼ ਬੁਖਾਰ, ਸਾਹ ਲੈਣ ’ਚ ਤਕਲੀਫ਼ ਹੋਣਾ ਆਦਿ ਲੱਛਣ ਹੋਣ ’ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ’ਚ ਸੂਚਿਤ ਕੀਤਾ ਜਾਵੇ।