ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ। ਮਾਰੇ ਗਏ ਵਿਦਿਆਰਥੀਆਂ ਵਿਚ ਇਕ ਲੜਕਾ ਤੇ ਦੋ ਲੜਕੀਆਂ ਸ਼ਾਮਿਲ ਹਨ ਜਿਨ੍ਹਾਂ ਦੀ ਉਮਰ 14 ਤੋਂ 17 ਸਾਲਾਂ ਦੇ ਦਰਮਿਆਨ ਹੈ। ਇਹ ਜਾਣਕਾਰੀ ਓਕਲੈਂਡ ਕਾਉਂਟੀ ਦੇ ਪੁਲਿਸ ਅਧਿਕਾਰੀ ਮਾਈਕਲ ਮਕੈਬ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜ਼ਖਮੀਆਂ ਵਿਚੋਂ ਦੋ ਦੀ ਸਰਜਰੀ ਹੋਈ ਹੈ ਤੇ ਬਾਕੀ 6 ਦੀ ਹਾਲਤ ਸਥਿੱਰ ਹੈ ਜਿਨ੍ਹਾਂ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਗੋਲੀਆਂ ਵੱਜੀਆਂ ਹਨ।
ਗੋਲੀ ਚੱਲਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਸ਼ੀਗਨ ਦੇ ਅਟਾਰਨੀ ਜਨਰਲ ਡਾਨਾ ਨੇਸਲ ਨੇ ਮਾਰੇ ਗਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਸ ਦੇ ਵਿਭਾਗ ਨੇ ਘਟਨਾ ਦੀ ਜਾਂਚ ਲਈ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਹਰ ਤਰਾਂ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਨੇਸਲ ਨੇ ਕਿਹਾ ਹੈ ਕਿ ਸਕੂਲਾਂ ਵਿਚ ਗੰਨ ਹਿੰਸਾ ਖਤਮ ਕਰਨ ਲਈ ਸਾਨੂੰ ਉਚਿੱਤ ਢੰਗ ਤਰੀਕੇ ਅਪਣਾਉਣੇ ਪੈਣਗੇ।
ਰਾਸ਼ਟਰਪਤੀ ਵੱਲੋਂ ਦੁੱਖ ਦਾ ਪ੍ਰਗਟਾਵਾ
ਰਾਸ਼ਟਰਪਤੀ ਜੋ ਬਾਈਡਨ ਨੇ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਵਾਪਰਨ ਉਪਰ ਅਫਸੋਸ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਮੇਰੇ ਡਕੋਟਾ ਟੈਕਨੀਕਲ ਕਾਲਜ ਦੇ ਦੌਰੇ ਤੋਂ ਬਾਅਦ ਮੈਨੂੰ ਆਕਸਫੋਰਡ ਹਾਈ ਸਕੂਲ ਮਿਸ਼ੀਗਨ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਜਿਸ ਵਿਚ ਇਕ 15 ਸਾਲਾਂ ਸ਼ੱਕੀ ਵੱਲੋਂ ਗੋਲੀਆਂ ਚਲਾਉਣ ਨਾਲ 3 ਵਿਦਿਆਰਥੀ ਮਾਰੇ ਗਏ ਤੇ 8 ਹੋਰ ਜ਼ਖਮੀ ਹੋਏ ਹਨ। ਇਸ ਘਟਨਾ ਕਾਰਨ ਸਮੁੱਚੇ ਰਾਜ ਵਿਚ ਸ਼ੋਕ ਪਾਇਆ ਜਾ ਰਿਹਾ ਹੈ। ਮੇਰੀ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਹੈ ਤੇ ਮੈ ਉਨ੍ਹਾਂ ਦੀ ਹਰ ਮੱਦਦ ਦਾ ਭਰੋਸਾ ਦਿੰਦਾ ਹਾਂ।
15 ਸਾਲਾ ਸ਼ੱਕੀ ਨੂੰ ਹਿਰਾਸਤ ਵਿਚ ਲਿਆ
ਪੁਲਿਸ ਨੇ 15 ਸਾਲਾ ਸ਼ੱਕੀ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਅਧਿਕਾਰੀ ਮਾਈਕਲ ਮਕੈਬ ਨੇ ਕਿਹਾ ਹੈ ਕਿ ਸ਼ੱਕੀ ਜੋ ਇਸ ਸਮੇ ਹਿਰਾਸਤ ਵਿਚ ਹੈ, ਘਟਨਾ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸ਼ੱਕੀ ਦੋਸ਼ੀ ਨੇ ਗੋਲੀਆਂ ਕਿਉਂ ਚਲਾਈਆਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।