ਕਾਂਗਰਸ ਦੇ 3 ਵਿਧਾਇਕਾਂ ਦੀ ਕੱਟ ਸਕਦੀ ਹੈ ਟਿਕਟ, ਸਕ੍ਰੀਨਿੰਗ ਕਮੇਟੀ ਨੇ ਲਿਸਟ ਸੋਨੀਆ ਗਾਂਧੀ ਨੂੰ ਸੌਂਪੀ, ਅੱਜ ਸੀਈਸੀ ਲਵੇਗੀ ਆਖ਼ਰੀ ਫ਼ੈਸਲਾ

ਚੰਡੀਗੜ੍ਹ, ਮੀਡੀਆ ਬਿਊਰੋ:

ਕਾਂਗਰਸ ’ਚ 70 ਉਮੀਦਵਾਰਾਂ ਦੀ ਪਹਿਲੀ ਸੂਚੀ ਫਾਈਨਲ ਹੋ ਗਈ ਹੈ। ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਅਜੇ ਮਾਕਨ ਨੇ ਸ਼ੁੱਕਰਵਾਰ ਰਾਤ ਨੂੰ 70 ਅਜਿਹੀਆਂ ਵਿਧਾਨ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਲਿਸਟ ਸੋਨੀਆ ਗਾਂਧੀ ਨੂੰ ਸੌਂਪੀ, ਜਿੱਥੇ ਇਕ ਤੋਂ ਜ਼ਿਆਦਾ ਦਾਅਵੇਦਾਰ ਨਹੀਂ ਹਨ। ਹੁਣ ਆਖ਼ਰੀ ਫ਼ੈਸਲਾ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ’ਚ ਸ਼ਨਿਚਰਵਾਰ ਨੂੰ ਹੋਵੇਗਾ।

ਸੂਤਰਾਂ ਮੁਤਾਬਕ ਇਸ ਲਿਸਟ ’ਚ ਤਿੰਨ ਵਿਧਾਇਕਾਂ ਦੀ ਟਿਕਟ ਕੱਟਣਾ ਤੈਅ ਹੈ। ਮਲੋਟ ਤੋਂ ਵਿਧਾਇਕ ਅਜਾਇਬ ਸਿੰਘ ਭੱਟੀ ਦਾ ਪੱਤਾ ਕੱਟਣਾ ਤੈਅ ਮੰਨਿਆ ਜਾ ਰਿਹਾ ਹੈ। ਉੱਥੇ, ‘ਆਪ’ ਛੱਡ ਕੇ ਕਾਂਗਰਸ ’ਚ ਆਈ ਬਠਿੰਡਾ ਦਿਹਾਤੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਮਲੋਟ ਤੋਂ ਉਮੀਦਵਾਰ ਹੋ ਸਕਦੇ ਹਨ, ਜਦਕਿ ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ ਦੀ ਥਾਂ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਮਿਲੇਗੀ। ਬੱਲੂਆਣਾ ਤੋਂ ਨੱਥੂ ਰਾਮ ਦੀ ਟਿਕਟ ਵੀ ਕੱਟ ਰਹੀ ਹੈ। ਇਸ ਸੀਟ ਤੋਂ ਰਾਜਿੰਦਰ ਕੌਰ ਨੂੰ ਉਤਾਰਿਆ ਜਾ ਸਕਦਾ ਹੈ। ਇਸੇ ਤਰ੍ਹਾਂ ਅਟਾਰੀ ਤੋਂ ਤਰਸੇਮ ਡੀਸੀ ਦੀ ਟਿਕਟ ਵੀ ਕੱਟਣ ਜਾ ਰਹੀ ਹੈ। ਇੱਥੋਂ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੂੰ ਮੌਕਾ ਮਿਲ ਸਕਦਾ ਹੈ। ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਦੀ ਟਿਕਟ ਅਟਕੀ ਹੋਈ ਹੈ ਕਿਉਂਕਿ ਸੰਸਦ ਮੈਂਬਰ ਜਸਬੀਰ ਡਿੰਪਾ ਇਸ ਸੀਟ ਤੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ।

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਟਿਕਟ ਕਾਦੀਆਂ ਤੋਂ ਤੈਅ ਮੰਨੀ ਜਾ ਰਹੀ ਹੈ। ਪਾਰਟੀ ਗੁਰੂ ਹਰਿਸਹਾਏ, ਫਾਜ਼ਿਲਕਾ, ਜਲਾਲਾਬਾਦ, ਪਟਿਆਲਾ ਸ਼ਹਿਰੀ, ਲੰਬੀ ਵਰਗੀਆਂ ਹਾਟ ਸੀਟਾਂ ’ਤੇ ਕੋਈ ਫ਼ੈਸਲਾ ਨਹੀਂ ਲੈਣ ਜਾ ਰਹੀ। ਪਾਰਟੀ ਵਿਧਾਇਕਾਂ ਦੀਆਂ ਸੀਟਾਂ ’ਚ ਵੱਡੇ ਪੱਧਰ ’ਤੇ ਬਦਲਾਅ ਨਹੀਂ ਕਰ ਰਹੀ। ਵਿਜੇਇੰਦਰ ਸਿੰਗਲਾ ਸੰਗਰੂਰ, ਮਨਪ੍ਰੀਤ ਬਾਦਲ ਬਠਿੰਡਾ, ਅਮਰਿੰਦਰ ਸਿੰਘ ਰਾਜਾ ਵਡ਼ਿੰਗ ਗਿੱਦਡ਼ਬਾਹਾ ਤੋਂ ਚੋਣ ਲਡ਼ਨਗੇ। ਸੁਜਾਨਪੁਰ ’ਚ ਰਘੂਨਾਥ ਸਹਾਏ ਪੁਰੀ ਦੇ ਬੇਟੇ ਨਰੇਸ਼ ਪੁਰੀ ਨੂੰ ਟਿਕਟ ਮਿਲੇਗੀ। ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ’ਤੇ ਹੀ ਪਾਰਟੀ ਨੇ ਭਰੋਸਾ ਪ੍ਰਗਟਾਇਆ ਹੈ। ਇਸ ਸੀਟ ’ਤੇ ਮਹਿੰਦਰ ਕੇਪੀ ਦਾਅਵਾ ਕਰ ਰਹੇ ਸਨ, ਪਰ ਹੁਣ ਉਹ ਆਦਮਪੁਰ ਤੋਂ ਟਿਕਟ ਮੰਗ ਰਹੇ ਹਨ।

ਵੀਰਵਾਰ ਨੂੰ ਇਕ ਤੋਂ ਬਾਅਦ ਇਕ ਕਈ ਸੀਟਾਂ ’ਤੇ ਸਕ੍ਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਅਲੱਗ-ਅਲੱਗ ਰਾਇ ਦੇਖਦੇ ਹੋਏ ਇਕ ਘੰਟੇ ਤਕ ਚੱਲੀ ਬੈਠਕ ’ਚ ਕੋਈ ਫ਼ੈਸਲਾ ਨਹੀਂ ਹੋ ਸਕਿਆ ਸੀ। ਇਸ ਤੋਂ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸਕ੍ਰੀਨਿੰਗ ਕਮੇਟੀ ਨੂੰ ਨਿਰਦੇਸ਼ ਦਿੱਤਾ ਕਿ ਪਹਿਲਾਂ ਰਾਇ ਬਣਾਓ, ਉਸ ਤੋਂ ਬਾਅਦ ਹੀ ਸੀਈਸੀ ਦੇ ਸਾਹਮਣੇ ਆਓ।

Share This :

Leave a Reply