ਅਮਰੀਕਾ ਵਿਚ ਵੱਖ ਵੱਖ ਥਾਵਾਂ ‘ਤੇ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ 3 ਮੌਤਾਂ. 8 ਜ਼ਖਮੀ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਬੈਟਨ ਰੌਗ ( ਲੋਇਸੀਆਨਾ) ਵਿਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਆਂ ਮਾਰ ਕੇ 2 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਤੇ 4 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਗੋਲਬਾਰੀ ਦੀ ਇਹ ਘਟਨਾ ਲੰਘੇ ਦਿਨ ਤੜਕਸਾਰ ਵਾਪਰੀ। ਪੁਲਿਸ ਅਨੁਸਾਰ ਪਾਰਕਿੰਗ ਲਾਟ ਵਿਚ ਅਣਪਛਾਤੇ ਵਿਅਕਤੀਆਂ ਤੇ ਪਾਰਟੀ ਕਰ ਰਹੇ ਕੁਝ ਲੋਕਾਂ ਵਿਚਾਲੇ ਹੋਏ ਤਕਰਾਰ ਤੋਂ ਬਾਅਦ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਕੁਲ 6 ਵਿਅਕਤੀ ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ ਜਿਨਾਂ ਵਿਚੋਂ ਬਾਅਦ ਵਿਚ 2 ਦਮ ਤੋੜ ਗਏ ਤੇ ਬਾਕੀ ਅਜੇ ਇਲਾਜ਼ ਅਧੀਨ ਹਨ।

ਪੁਲਿਸ ਨੇ ਦੋਸ਼ੀਆਂ ਦੀ ਭਾਲ ਲਈ ਲੋਕਾਂ ਤੋਂ ਮੱਦਦ ਮੰਗੀ ਹੈ। ਇਕ ਹੋਰ ਰਿਪੋਰਟ ਅਨੁਸਾਰ ਗੋਲੀਆਂ ਚੱਲਣ ਦੀ ਇਹ ਘਟਨਾ ਕੈਪੀਟਲ ਪਾਰਕ ਬਾਰ ਐਂਡ ਗਰਿਲ ਵਿਚ ਚੱਲ ਰਹੀ ਪਾਰਟੀ ਦੌਰਾਨ ਵਾਪਰੀ। ਆਂਚਓਰੇਜ (ਅਲਾਸਕਾ) ਵਿਚ ਗੋਲੀਬਾਰੀ ਦੀ ਇਕ ਹੋਰ ਘਟਨਾ ਵਿਚ ਇਕ ਔਰਤ ਮਾਰੀ ਗਈ ਤੇ 5 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਮੌਕੇ ਉਪਰ ਪੁੱਜਣ ‘ਤੇ ਵੇਖਿਆ ਕਿ 3 ਮਰਦ ਤੇ 2 ਔਰਤਾਂ ਜ਼ਖਮੀ ਸਨ ਜਿਨਾਂ ਵਿਚੋਂ ਬਾਅਦ ਵਿਚ ਇਕ ਔਰਤ ਦਮ ਤੋੜ ਗਈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

Share This :

Leave a Reply