ਚੰਡੀਗੜ੍ਹ( ਮੀਡੀਆ ਬਿਊਰੋ) ਕੋਰੋਨਾ ਵਾਇਰਸ ਤੋਂ ਬਚਣ ਲਈ ਪਿਛਲੇ 28 ਦਿਨਾਂ ਤੋਂ ਘਰਾਂ ‘ਚ ਕੈਦ ਲੋਕ ਸੋਮਵਾਰ ਤੋਂ ਪਹਿਲੀ ਵਾਰ ਰਾਹਤ ਦਾ ਸਾਹ ਲੈ ਸਕਣਗੇ, ਪਰ ਕੋਰੋਨਾ ਦੇ ਰੈੱਡ ਜ਼ੋਨ ਵਾਲੇ ਇਲਾਕੇ ‘ਚ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਮਿਲੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੰਟੇਨਮੈਂਟ ਏਰੀਆ ਦੇ ਬਾਹਰ ਖੇਤੀ ਖੇਤਰ ‘ਚ ਪੂਰੀ ਤਰ੍ਹਾਂ ਛੋਟ ਦੇ ਨਾਲ-ਨਾਲ ਕੁਝ ਸ਼ਰਤਾਂ ਨਾਲ ਉਦਯੋਗ-ਧੰਦੇ ਚਲਾਉਣ ਦੀ ਵੀ ਇਜਾਜ਼ਤ ਮਿਲ ਗਈ ਹੈ।
ਲਾਕਡਾਊਨ ਤੋਂ ਛੋਟ ਦੇ ਬਾਵਜੂਦ ਦੇਸ਼ ‘ਚ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਨਾਂ, ਰੇਲਵੇ, ਜਨਤਕ ਆਵਾਜਾਈ, ਟੈਕਸੀ, ਆਟੋ ਰਿਕਸ਼ਾ, ਬੱਸਾਂ ਅਤੇ ਮੈਟਰੋ ਪੂਰੀ ਤਰ੍ਹਾਂ ਬੰਦ ਰਹਿਣਗੇ। ਇਕ ਰਾਜ ਦੇ ਦੂਜੇ ਰਾਜ ਹੀ ਨਹੀਂ, ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ‘ਚ ਆਵਾਜਾਈ ਵੀ ਬੰਦ ਰਹੇਗੀ। ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿੰਮ, ਖੇਡ ਗਤੀਵਿਧੀਆਂ, ਸਵਿਮਿੰਗ ਪੂਲ, ਥਿਏਟਰ, ਬਾਰ ਸਮੇਤ ਸਾਰੇ ਵਿੱਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੀਆਂ ਧਾਰਮਿਕ ਅਤੇ ਰਾਜਨੀਤਕ ਗਤੀਵਿਧੀਆਂ ਲਈ ਇਕੱਠ ਕਰਨ ‘ਤੇ ਪਾਬੰਦੀ ਲਾਗੂ ਰਹੇਗੀ। ਮੌਤ ਦੀ ਸਥਿਤੀ ‘ਚ ਵੀ ਸਿਰਫ਼ 20 ਲੋਕਾਂ ਤਕ ਨੂੰ ਹੀ ਇਕੱਠੇ ਆਉਣ ਦੀ ਆਗਿਆ ਦਿੱਤੀ ਜਾਵੇਗੀ।