ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਅਮਰੀਕਾ ਦੇ ਟੇਨੇਸੀ ਰਾਜ ਵਿਚ ਕੋਲੀਰਵਿਲੇ ਵਿਖੇ ਇਕ ਗਰੌਸਰੀ ਸਟੋਰ ਵਿਖੇ ਇਕ ਅਣਪਛਾਤੇ ਹਮਲਾਵਰ ਵੱਲੋਂ ਚਲੀਆਂ ਗੋਲੀਆਂ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 12 ਹੋਰ ਜ਼ਖਮੀ ਹੋ ਗਏ। ਹਮਲਵਾਰ ਖੁਦ ਵੀ ਮਾਰਿਆ ਗਿਆ। ਪੁਲਿਸ ਅਨੁਸਾਰ ਲੱਗਦਾ ਹੈ ਕਿ ਹਮਲਾਵਰ ਨੇ ਗੋਲੀਆਂ ਚਲਾਉਣ ਉਪਰੰਤ ਖੁਦ ਹੀ ਆਪਣੇ ਆਪ ਨੂੰ ਗੋਲੀ ਮਾਰੀ ਹੈ। ਖੇਤਰੀ ਸਿਹਤ ਕੇਂਦਰ ਦੇ ਬੁਲਾਰੇ ਅਨੁਸਾਰ ਜ਼ਖਮੀਆਂ ਵਿਚੋਂ 4 ਦੀ ਹਾਲਤ ਗੰਭੀਰ ਹੈ।
ਮੌਕੇ ਦੇ ਗਵਾਹਾਂ ਤੇ ਗਾਹਕਾਂ ਅਨੁਸਾਰ ਗੋਲੀਆਂ ਕਰੋਗਰ ਗਰੌਸਰੀ ਸਟੋਰ ਦੇ ਅੰਦਰ ਚੱਲੀਆਂ ਹਨ ਤੇ ਗੋਲੀ ਚੱਲਣ ਉਪਰੰਤ ਸਟੋਰ ਅੰਦਰ ਹਫੜਾ ਦਫੜੀ ਮੱਚ ਗਈ ਤੇ ਲੋਕਾਂ ਨੇ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਪੁਲਿਸ ਮੁੱਖੀ ਡੇਲ ਲੇਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਨੇ ਮੌਕੇ ਉਪਰ ਜਾ ਕੇ ਫਰੀਜ਼ਰਾਂ ਵਿਚ ਤੇ ਹੋਰ ਥਾਵਾਂ ‘ਤੇ ਲੁਕੇ ਲੋਕਾਂ ਨੂੰ ਬਾਹਰ ਕੱਢਿਆ।
ਉਨਾਂ ਕਿਹਾ ਕਿ ਇਹ ਬਹੁਤ ਭਿਆਨਕ ਹੈ, ਇਥੇ ਬਹੁਤ ਵਧੀਆ ਲੋਕ ਰਹਿੰਦੇ ਹਨ ਜੋ ਕੁਝ ਵੀ ਵਾਪਰਿਆ ਹੈ ਉਹ ਬਹੁਤ ਘਿਣਾਉਣਾ ਤੇ ਨਿੰਦਣਯੋਗ ਹੈ। ਉਨਾਂ ਕਿਹਾ ਕਿ ਜਿਸ ਸਮੇ ਗੋਲੀ ਚੱਲਣ ਦੀ ਘਟਨਾ ਵਾਪਰੀ ਉਸ ਵੇਲੇ ਸੋਟਰ ਦੇ ਅੰਦਰ 44 ਮੁਲਾਜ਼ਮ ਕੰਮ ਕਰ ਰਹੇ ਸਨ। ਕੁਝ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਉਨਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਸਭ ਕੁਝ ਅੰਦਰ ਛੱਡ ਕੇ ਬਾਹਰ ਨੂੰ ਭੱਜੇ। ਉਨਾਂ ਦੱਸਿਆ ਕਿ ਚੰਗੇ ਭਾਗੀਂ ਉਹ ਜ਼ਖਮੀ ਨਹੀਂ ਹੋਏ ਪਰੰਤੂ ਮੰਨ ਅੰਦਰ ਇਕ ਡਰ ਜਰੂਰ ਪੈਦਾ ਹੋ ਗਿਆ ਹੈ। ਇਥੇ ਜਿਕਰਯੋਗ ਹੈ ਕਿ ਕੋਲੀਰਵਿਲੇ ਇਕ ਨੀਮ ਸ਼ਹਿਰੀ ਖੇਤਰ ਵਜੋਂ ਵਿਕਸਤ ਹੋ ਰਿਹਾ ਹੈ ਜਿਥੇ 51000 ਤੋਂ ਵਧ ਲੋਕ ਰਹਿੰਦੇ ਹਨ।