1991 ਤੋਂ ਬੰਦ ਪਈ ਮੀਰਪੁਰ ਜੱਟਾਂ ਦੀ ਮੰਡੀ ਵਿੱਚੋਂ ਤਿੰਨ ਦਹਾਕਿਆਂ ਬਾਅਦ ਖਰੀਦ ਮੁੜ ਸ਼ੁਰੂ

ਮੀਰਪੁਰ ਜੱਟਾਂ ਦੇ 30 ਸਾਲ ਤੋਂ ਬੰਦ ਪਏ ਖਰੀਦ ਕੇਂਦਰ ’ਚ ਮੁੜ ਬੋਲੀ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਅੰਗਦ ਸਿੰਘ, ਨਾਲ ਹਨ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਡੀ ਐਸ ਪੀ ਹਰਨੀਲ ਸਿੰਘ ਤੇ ਸਕੱਤਰ ਮਾਰਕੀਟ ਕਮੇਟੀ ਪਰਮਜੀਤ ਸਿੰਘ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਨਵਾਂਸ਼ਹਿਰ‍ ਵਿਧਾਨ ਸਭਾ ਤੋਂ ਵਿਧਾਇਕ ਅੰਗਦ ਸਿੰਘ ਦੇ ਯਤਨਾਂ ਬਾਅਦ ਅੱਜ ਮੀਰਪੁਰ ਜੱਟਾਂ ਦੀ ਮੰਡੀ ’ਚ ਤਿੰਨ ਦਹਾਕਿਆਂ ਬਾਅਦ ਪਹਿਲੀ ਵਾਰ ਕਣਕ ਦੀ ਆਮਦ ਹੋਈ ਅਤੇ ਭਾਅ ਲੱਗਿਆ। ਇਹ ਮੰਡੀ ਕੁੱਝ ਕਾਰਨਾਂ ਕਰਕੇ 1991 ਤੋਂ ਬੰਦ ਪਈ ਸੀ ਅਤੇ ਜਿਣਸ ਦੀ ਆਮਦ ਨਹੀਂ ਸੀ ਹੋ ਰਹੀ। ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਇਹ ਮੰਡੀ ਬੋਰਡ ਦੇ ਖਰੀਦ ਕੇਂਦਰਾਂ ’ਚ ਤਾਂ ਸ਼ਾਮਿਲ ਸੀ ਪਰੰਤੂ ਆਮਦ ਨਾ ਹੋਣ ਅਤੇ ਬੋਲੀ ਨਾ ਹੋਣ ਕਾਰਨ, ਕਿਸਾਨਾਂ ਲਈ ਮੁਸ਼ਕਿਲ ਦਾ ਕਾਰਨ ਬਣੀ ਹੋਈ ਸੀ।

ਮਾਮਲਾ ਉਨ੍ਹਾਂ ਦੇ ਧਿਆਨ ’ਚ ਆਉਣ ’ਤੇ ਉਨ੍ਹਾਂ ਤੁਰੰਤ ਇਸ ਬਾਰੇ ਮੰਡੀ ਬੋਰਡ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਮੰਡੀ ਨੂੰ ਸ਼ੁਰੂ ਕਰਵਾਉਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਇਸ ਮੰਡੀ ਦੇ ਸ਼ੁਰੂ ਹੋਣ ਨਾਲ ਆਲੇ ਦੁਆਲੇ ਦੇ 12 ਪਿੰਡਾਂ ਦੇ ਸੈਂਕੜੇ ਕਿਸਾਨਾਂ ਨੂੰ ਫ਼ਾਇਦਾ ਹੋਇਆ ਹੈ, ਜਿਨ੍ਹਾਂ ਨੂੰ ਮਾਲ ਲੈ ਕੇ ਹੁਣ ਹੋਰਨਾਂ ਮੰਡੀਆਂ ’ਚ ਨਹੀਂ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੀ ਸਮੱਸਿਆ ਕਾਰਨ ਸਰਕਾਰ ਵੱਲੋਂ ਕਿਸਾਨਾਂ ਦੀ ਮੰਡੀਆਂ ’ਚ ਭੀੜ ਨਾ ਹੋਣ ਦੇਣ ਲਈ ਜ਼ਿਲ੍ਹੇ ’ਚ ਆਰਜ਼ੀ ਮੰਡੀਆਂ ਵੀ ਬਣਾਈਆਂ ਗਈਆਂ ਹਨ ਪਰ ਇਸ ਮੰਡੀ ਦੇ ਬੰਦ ਹੋਣ ਕਾਰਨ ਮੁਸ਼ਕਿਲ ਬਣੀ ਹੋਈ ਸੀ, ਜੋ ਅੱਜ ਇਸ ਦੇ ਚੱਲਣ ਨਾਲ ਹੱਲ ਹੋ ਗਈ ਹੈ। ਇਹ ਮੰਡੀ ਪਨਗ੍ਰੇਨ ਨੂੰ ਸੌਂਪੀ ਗਈ ਹੈ ਜਿੱਥੇ ਸੀਜ਼ਨ ਦੌਰਾਨ 12000 ਕੁਇੰਟਲ ਦੀ ਆਮਦ ਦੀ ਸੰਭਾਵਨਾ ਹੈ। ਇਸ ਮੌਕੇ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਡੀ ਐਸ ਪੀ ਨਵਾਂਸ਼ਹਿਰ ਹਰਨੀਲ ਸਿੰਘ ਅਤੇ ਸਕੱਤਰ ਮਾਰਕੀਟ ਕਮੇਟੀ ਪਰਮਜੀਤ ਸਿੰਘ ਵੀ ਹਾਜ਼ਰ ਸਨ।

Share This :

Leave a Reply