ਮਿੱਡ ਡੇਅ ਮੀਲ ਦੇ 1700 ਕੁਇੰਟਲ ਅਨਾਜ ਦਾ ਘਪਲਾ ਹੋਇਆ ਜੱਗ ਜ਼ਾਹਿਰ, ਬੀਪੀਈਓ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ (ਮੀਡੀਆ ਬਿਊਰੋ) ਪੁਲਿਸ ਥਾਣਾ ਜੰਡਿਆਲਾ ਗੁਰੂ ਨੇ ਮਿਡ ਡੇ ਮੀਲ ਦੇ 1700 ਕੁਇੰਟਲ ਅਨਾਜ ’ਚ ਘਪਲੇਬਾਜ਼ੀ ਦੇ ਦੋਸ਼ ’ਚ ਬੀਪੀਈਓ ਤਰਸਿੱਕਾ ਸਮੇਤ ਤਿੰਨ ਲੋਕਾਂ ’ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪ੍ਰਤਾਪ ਸਿੰਘ ਵਾਸੀ ਪਿੰਡ ਮਰੜ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਪ੍ਰਭਚਰਨ ਸਿੰਘ ਜੀਐੱਮ ਦਫਤਰ ਡੀਜੀਐੱਸਈ ਨੂੰ ਸ਼ਿਕਾਇਤ ਦਿੱਤੀ ਸੀ ਕਿ 2018 ’ਚ ਐੱਫਸੀਆਈ ਵੱਲੋਂ 1700 ਕੁਇੰਟਲ ਤੋਂ ਜ਼ਿਆਦਾ ਕਣਕ ਮਿੱਡ ਡੇਅ ਮੀਲ ਲਈ ਅਲਾਟ ਕੀਤੀ ਗਈ ਸੀ ਪਰ ਇਹ ਅਨਾਜ ਸਕੂਲਾਂ ਤਕ ਨਹੀਂ ਪਹੁੰਚ ਸਕਿਆ।

ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਮਾਮਲੇ ਦੀ ਕੀਤੀ ਗਈ ਵਿਭਾਗੀ ਜਾਂਚ ਦੇ ਨਾਲ-ਨਾਲ ਪੀਬੀਆਈ ਸਪੈਸ਼ਲ ਸੈੱਲ ਕਰਾਈਮ ਤੇ ਸਾਈਬਰ ਕਰਾਈਮ ਯੂਨਿਟ ਅੰਮ੍ਰਿਤਸਰ ਦਿਹਾਤੀ ਦੀ ਜਾਂਚ ’ਚ ਅਨਾਜ ਨੂੰ ਖੁਰਦ ਬੁਰਦ ਕਰਨ ਲਈ ਸਟਾਕ ਦੀ ਦੇਖਭਾਲ ਕਰਨ ਵਾਲੇ ਡਾਟਾ ਐਂਟਰੀ ਆਪ੍ਰੇਟਰ ਐੱਸਐੱਸਏ ਤਰਸਿੱਕਾ ਸੁਖਬੀਰ ਸਿੰਘ, ਅਕਾਊਂਟੈਂਟ ਸਵਰਾਜ ਸਿੰਘ ਤੇ ਬੀਪੀਈਓ ਸਤਨਾਮ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਜੰਡਿਆਲਾ ਗੁਰੂ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share This :

Leave a Reply