ਹਿੰਸਕ ਪ੍ਰਦਰਸ਼ਨਾਂ ਤੋਂ ਕਈ ਦਿਨ ਬਾਅਦ ਸੜਕਾਂ ‘ਤੇ ਹੁਣ ਕੁਝ ਸ਼ਾਂਤੀ ਦਿੱਸੀ ਅਤੇ ਪ੍ਰਦਰਸ਼ਨ ਹੋਏ ਸ਼ਾਂਤੀਪੂਰਣ
ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਵਿਚ ਪੁਲਸ ਹਿਰਾਸਤ ਵਿਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ ਤੋਂ ਕਈ ਦਿਨ ਬਾਅਦ ਸੜਕਾਂ ‘ਤੇ ਹੁਣ ਕੁਝ ਸ਼ਾਂਤੀ ਦਿੱਖ ਰਹੀ ਹੈ ਅਤੇ ਪ੍ਰਦਰਸ਼ਨ ਹੁਣ ਸ਼ਾਂਤੀਪੂਰਣ ਹੋ ਰਹੇ ਹਨ। ਨਿਊਯਾਰਕ ਸ਼ਹਿਰ ਤੋਂ ਕੁਝ ਕੁ ਥਾਂਵਾਂ ਤੇ ਰਾਤੀਂ ਲੁੱਟਖੋਹ ਹੋਣ ਦੀਆਂ ਖਬਰਾਂ ਹਨ ਅਤੇ ਇੱਥੇ ਬੁੱਧਵਾਰ ਸਵੇਰ ਤੱਕ 9 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਅਨੇਕ ਸ਼ਹਿਰਾਂ ਵਿਚ ਕਰਫਿਊ ਹੋਰ ਸਖਤ ਕੀਤੇ ਜਾਣ ਤੋਂ ਬਾਅਦ ਸ਼ਾਂਤੀ ਆਉਂਦੀ ਪ੍ਰਤੀਤ ਹੋ ਰਹੀ ਹੈ।
ਵਾਸ਼ਿੰਗਟਨ ਅਤੇ ਨਿਊਯਾਰਕ ਜਿਹੇ ਸ਼ਹਿਰਾਂ ਨੇ ਲੋਕਾਂ ਨੂੰ ਦਿਨ ਵਿਚ ਵੀ ਸੜਕਾਂ ‘ਤੇ ਨਾ ਆਉਣ ਦਾ ਆਦੇਸ਼ ਦਿੱਤਾ ਹੈ। ਪ੍ਰਦਰਸ਼ਨਕਾਰੀ ਲਾਸ ਏਜੰਲਸ, ਮਿਆਮੀ, ਸੈਂਟ ਪਾਲ, ਮਿਨੀਸੋਆ, ਕੋਲੰਬੀਆ, ਸਾਊਥ ਕੈਰੋਲੀਨਾ ਅਤੇ ਹਿਊਸਟਨ ਸਮੇਤ ਕਈ ਥਾਂਵਾਂ ‘ਤੇ ਉਤਰੇ, ਜਿਥੇ ਪੁਲਸ ਪ੍ਰਮੁੱਰਾਂ ਨੇ ਸ਼ਾਂਤੀਪੂਰਣ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਸਥਿਤੀ ‘ਤੇ ਕੰਟਰੋਲ ਲਈ ਟਰੰਪ ਨੇ ਬੀਤੇ ਦਿਨ ਅਮਰੀਕਾ ਦੀਆਂ ਸੜਕਾਂ ‘ਤੇ ਫੌਜ ਦੀ ਤਾਇਨਾਤੀ ਦਾ ਐਲਾਨ ਕੀਤਾ ਸੀ।ਇਸ ਦੌਰਾਨ ਅਮਰੀਕਾ ਦੇ 23 ਰਾਜਾਂ ਵਿਚ 17 ਹਜ਼ਾਰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਕੀਤੀ ਗਈ ਹੈ। ਨੈਸ਼ਨਲ ਗਾਰਡਾਂ ਨੂੰ ਹਿੰਸਾ ਰੋਕਣ ਦੇ ਨਾਲ-ਨਾਲ ਰਾਜਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਹੁਤ ਸਾਰੀਆਂ ਥਾਂਵਾਂ ਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਨੈਸ਼ਨਲ ਗਾਰਡ ਲੋਕਾਂ ਦੇ ਨਾਲ ਰਲਕੇ ਗੋਡੇ ਟੇਕ ਪ੍ਰੇਅਅਰ ਕਰਦੇ ਵੀ ਨਜ਼ਰੀਂ ਪਏ, ਅਤੇ ਕਈ ਥਾਂਵਾਂ ਤੇ ਪ੍ਰਦਰਸ਼ਨਕਾਰੀਆਂ ਨੇ ਜੱਫੀਆਂ ਪਾਕੇ ਨੈਸ਼ਨਲ ਗਾਰਡ ਦਾ ਸੁਆਗਤ ਵੀ ਕੀਤਾ।