ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਲੰਡਨ ਵਿੱਚ ਕੀਤੀ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ ਪਿਛਲੇ ਦੋ ਸਾਲਾਂ ਵਿੱਚ 160 ਦੇ ਕਰੀਬ ਮੈਟਰੋਪੋਲੀਟਨ ਪੁਲਿਸ ਅਧਿਕਾਰੀਆਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ‘ਫਰੀਡਮ ਆਫ ਇਨਫਰਮੇਸ਼ਨ’ ਤਹਿਤ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ‘ਤੇ ਸਾਲ 2019 ਅਤੇ 2020 ਵਿੱਚ ਜਿਨਸੀ ਸ਼ੋਸ਼ਣ, ਜਿਨਸੀ ਪਰੇਸ਼ਾਨੀ ਅਤੇ ਹੋਰ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ । ਪੁਲਿਸ ਅਧਿਕਾਰੀ ਸਬੰਧੀ ਇਹ ਅੰਕੜੇ ਮਾਰਚ ਵਿੱਚ ਸਾਰਾਹ ਈਵਰਾਰਡ ਦੀ ਹੱਤਿਆ ਤੋਂ ਬਾਅਦ ਪੁਲਿਸ ਦੀ ਸਖਤ ਅਲੋਚਨਾ ਹੋਣ ਕਰਕੇ ਸਾਹਮਣੇ ਆਏ ਹਨ।
ਇਹ ਤਾਜ਼ਾ ਅੰਕੜੇ ਸਟਾਫ ਜਾਂ ਲਾਈਨ ਮੈਨੇਜਰਾਂ ਦੁਆਰਾ ਕੀਤੇ ਗਏ ਆਚਰਣ ਦੇ ਮੁੱਦਿਆਂ ਨੂੰ ਜ਼ਾਹਰ ਕਰਦੇ ਹਨ ਜੋ ਕਿ ਆਨ-ਆਫ ਡਿਊਟੀ ਅਫਸਰਾਂ ਦੀਆਂ ਕਾਰਵਾਈਆਂ ਨਾਲ ਜੁੜੇ ਹੋਏ ਹਨ ਅਤੇ ਜ਼ਿਆਦਾਤਰ ਦੋਸ਼ ਮਰਦ ਪੁਲਿਸ ਅਧਿਕਾਰੀਆਂ ‘ਤੇ ਲੱਗੇ ਹਨ। ਸਾਲ 2010 ਤੋਂ ਬਾਅਦ ਤਕਰੀਬਨ 800 ਮੀਟ ਅਧਿਕਾਰੀਆਂ ‘ਤੇ ਸਾਥੀਆਂ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਇਹਨਾਂ ਵਿਚੋਂ ਸਿਰਫ 191 ਨੂੰ ਹੀ ਜਿਨਸੀ ਅਪਰਾਧ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਦਹਾਕੇ ਵਿੱਚ ਅੰਕੜਿਆਂ ਅਨੁਸਾਰ ਸਾਲ 2019 ਵਿੱਚ ਪੁਲਿਸ ਅਧਿਕਾਰੀਆਂ ‘ਤੇ ਸਭ ਤੋਂ ਵੱਧ ਜਿਨਸੀ ਅਪਰਾਧ ਦੇ ਦੋਸ਼ ਲਗਾਏ ਗਏ, ਜਿਨਾਂ ਦੀ ਗਿਣਤੀ 86 ਦਰਜ ਕੀਤੀ ਗਈ ਸੀ।