
ਖੰਨਾ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸੱਤਵੇਂ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕੀਤਾ। ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ 37 ਵੱਖ ਵੱਖ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਨੇ ਸ਼ਿਰਕਤ ਕਰਦਿਆਂ 1409 ਉਮੀਦਵਾਰਾਂ ਦੀ ਚੋਣ ਕੀਤੀ।
ਵਿਧਾਇਕ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਮੇਲਿਆਂ ਵਿਚ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਅਭਿਆਨ ਚਲਾਏ ਜਾ ਰਹੇ ਹਨ। ਇਸ ਉਪਰਾਲੇ ਲਈ ਰਾਜ ਸਰਕਾਰ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਹੁਣ ਤੱਕ 200 ਦੇ ਕਰੀਬ ਅੰਤਰ-ਰਾਸ਼ਟਰੀ ਕੰਪਨੀਆਂ ਪੰਜਾਬ ਸਰਕਾਰ ਦੇ ਰੁਜ਼ਗਾਰ ਮੇਲੇਆਂ ਵਿਚ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਜ਼ਿਲੇ ਵਿਚ ਹਰ ਕਾਬਿਲ ਨੌਜਵਾਨ ਨੂੰ ਬਿਹਤਰੀਨ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਾਉਣਾ ਹੈ। ਕਾਲਜ ਦੇ ਡਾਇਰੈਕਟਰ ਗੁਰਕੀਰਤ ਸਿੰਘ ਨੇ ਵਿਧਾਇਕ ਕੋਟਲੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਰੁਜ਼ਗਾਰ ਮੇਲਿਆਂ ਰਾਹੀਂ ਇਸ ਖੇਤਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰੀਨ ਮੌਕੇ ਮਿਲ ਰਹੇ ਹਨ। ਇਸ ਤੋਂ ਇਲਾਵਾ ਗੁਲਜ਼ਾਰ ਗਰੁੱਪ ਵੱਲੋਂ ਵੀ ਸਮੇਂ-ਸਮੇਂ ’ਤੇ ਪਲੇਸਮੈਂਟ ਡਰਾਈਵ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਕੈਂਪਸ ਦੇ ਵਿਦਿਆਰਥੀਆਂ ਦੇ ਨਾਲ-ਨਾਲ ਆਸ ਪਾਸ ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਦੀ ਵੀ ਹਿੱਸਾ ਲੈਂਦੇ ਹਨ।